‘ਮੀ ਟੂ’: ਸ਼ਟਲਰ ਜਵਾਲਾ ਗੁੱਟਾ ਨੇ ਮਾਨਸਿਕ ਸ਼ੋਸ਼ਣ ਦੇ ਦੋਸ਼ ਲਾਏ

ਵਿਸ਼ਵ ਭਰ ਵਿੱਚ ਚੱਲ ਰਹੇ ‘ਹੈਸ਼ਟੈਗ ਮੀ ਟੂ ਮੁਹਿੰਮ’ ਦੇ ਭਾਰਤ ਵਿੱਚ ਜ਼ੋਰ ਫੜਨ ਮਗਰੋਂ ਕਈ ਮਹਿਲਾ ਟੀਵੀ ਕਲਾਕਾਰਾਂ ਤੇ ਪੱਤਰਕਾਰਾਂ ਨੇ ਜਿੱਥੇ ਆਪਣੇ ਨਾਲ ਹੋਏ ਸ਼ੋੋਸ਼ਣ ਦੀ ਗੱਲ ਖੁੱਲ੍ਹ ਕੇ ਰੱਖੀ ਹੈ, ਉਥੇ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਮਾਨਸਿਕ ਸ਼ੋਸ਼ਣਦੀ ਗੱਲ ਕਹਿ ਕੇ ਆਪਣਾ ਕੌੜਾ ਤਜਰਬਾ ਸਾਹਮਣੇ ਰੱਖਿਆ ਹੈ। ਮਹਿਲਾ ਡਬਲਜ਼ ਬੈਡਮਿੰਟਨ ਖਿਡਾਰਨ ਜਵਾਲਾ ਨੇ ਹਮੇਸ਼ਾਂ ਤੋਂ ਜਨਤਕ ਤੌਰ ’ਤੇ ਆਪਣੇ ਪੱਖ ਨੂੰ ਬੇਝਿਜਕ ਹੋ ਕੇ ਸਾਹਮਣੇ ਰੱਖਿਆ ਹੈ। ਹੁਣ ਇਸ ਖਿਡਾਰਨ ਨੇ ਚੋਣ ਅਮਲ ਨੂੰ ਲੈ ਕੇ ਮਾਨਸਿਕ ਦਬਾਅ ਦੀ ਗੱਲ ਕਹੀ ਹੈ।
ਜਵਾਲਾ ਨੇ ਟਵਿੱਟਰ ’ਤੇ ਆਪਣੇ ਮਾਨਸਿਕ ਸ਼ੋਸ਼ਣ ਦੀ ਕਹਾਣੀ ਬਿਆਨ ਕਰਦਿਆਂ ਕਿਹਾ, ‘ਸਾਲ 2006 ਵਿੱਚ ਜਦੋਂ ਇਹ ਵਿਅਕਤੀ ਪ੍ਰਮੁੱਖ ਬਣਿਆ ਤਾਂ ਉਸ ਨੇ ਮੈਨੂੰ ਕੌਮੀ ਚੈਂਪੀਅਨ ਹੋਣ ਦੇ ਬਾਵਜੂਦ ਕੌਮੀ ਟੀਮ ’ਚੋਂ ਬਾਹਰ ਕੱਢ ਦਿੱਤਾ।’ ਜਵਾਲਾ ਨੇ ਲਿਖਿਆ, ‘ਪਿਛਲੇ ਦਿਨੀਂ ਜਦੋਂ ਮੈਂ ਆਰਆਈਓ ਤੋਂ ਵਾਪਸ ਆਈ, ਤੇ ਮੈਨੂੰ ਇਕ ਵਾਰ ਕੌਮੀ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ। ਇਹ ਮੇਰੇ ਖੇਡਣਾ ਬੰਦ ਕਰ ਦੇਣ ਦੀ ਸਭ ਤੋਂ ਵੱਡੀ ਵਜ੍ਹਾ ਹੈ।’ ਹੈਦਰਾਬਾਦ ਦੀ ਜਵਾਲਾ ਦਾ ਕੌਮੀ ਕੋਚ ਪੁਲੇਲਾ ਗੋਪੀਚੰਦ ਨਾਲ ਵੀ ਵਿਵਾਦ ਰਿਹਾ ਹੈ ਤੇ ਇਸ ਖਿਡਾਰਨ ਨੇ ਜਨਤਕ ਤੌਰ ’ਤੇ ਗੋਪੀਚੰਦ ’ਤੇ ਵਿਤਕਰਾ ਕਰਨ ਦੇ ਦੋਸ਼ ਲਾਏ ਸਨ। ਸ਼ਟਲਰ ਦਾ ਦੋਸ਼ ਸੀ ਕਿ ਗੋਪੀਚੰਦ ਡਬਲਜ਼ ਖਿਡਾਰੀਆਂ ਨਾਲੋਂ ਸਿੰਗਲਜ਼ ਖਿਡਾਰੀਆਂ ਵੱਲ ਵੱਧ ਧਿਆਨ ਦਿੰਦੇ ਹਨ। ਜਵਾਲਾ ਇਸ ਤੋਂ ਪਹਿਲਾਂ ਗੋਪੀਚੰਦ ’ਤੇ ਕੌਮੀ ਟੀਮ ’ਚ ਅਣਗੌਲਿਆਂ ਕੀਤੇ ਜਾਣ ਤੇ ਡਬਲਜ਼ ਖਿਡਾਰੀ ਨਾ ਮਿਲਣ ਦਾ ਦੋਸ਼ ਵੀ ਲਾ ਚੁੱਕੀ ਹੈ।
ਮਹਿਲਾ ਬੈਡਮਿੰਟਨ ਖਿਡਾਰਨ ਨੇ ਹਾਲਾਂਕਿ ਆਪਣੇ ਟਵੀਟ ’ਚ ਗੋਪੀਚੰਦ ਦਾ ਨਾਂ ਨਹੀਂ ਲਿਆ। ਗੋਪੀਚੰਦ ਫ਼ਿਲਹਾਲ ਕੌਮੀ ਬੈਡਮਿੰਟਨ ਕੋਚ ਹੈ ਅਤੇ ਸਾਇਨਾ ਨੇਹਵਾਲ, ਪੀ.ਵੀ.ਸਿੰਧੂ, ਕਿਦਾਂਬੀ ਸ਼੍ਰੀਕਾਂਤ, ਪਾਰੂਪੱਲੀ ਕਸ਼ਯਪ ਜਿਹੇ ਸ਼ਟਲਰਾਂ ਦੀ ਸਫ਼ਲਤਾਂ ਪਿੱਛੇ ਉਨ੍ਹਾਂ ਦੀ ਅਹਿਮ ਭੂਮਿਕਾ ਹੈ।