ਮਾਸਕੋ ਵਾਰਤਾ ਵਿਚ ਹਿੱਸਾ ਲੈਣਗੇ ਤਾਲਿਬਾਨ

ਤਾਲਿਬਾਨ ਦਾ ਕਹਿਣਾ ਹੈ ਕਿ ਉਹ ਮਾਸਕੋ ਵਿਚ ਹੋਣ ਵਾਲੀ ਅੰਤਰ-ਅਫਗਾਨ ਗੱਲਬਾਤ ਵਿਚ ਹਿੱਸਾ ਲੈਣਗੇ ਜਿਸਦਾ ਮਕਸਦ ਅਫਗਾਨਿਸਤਾਨ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਇਕੱਠਾ ਕਰਨਾ ਹੈ, ਜਿਨ੍ਹਾਂ ਵਿਚ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ, ਵਿਰੋਧੀ ਧਿਰ ਅਤੇ ਕਬਾਇਲੀ ਆਗੂ ਸ਼ਾਮਲ ਹਨ। ਰੂਸ ਦੀ ਰਾਜਧਾਨੀ ਵਿਚ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਇਸ ਦੋ ਰੋਜ਼ਾ ਮੀਟਿੰਗ ਨੂੰ ਅਫਗਾਨਿਸਤਾਨ ਵਿਚ ਪਿਛਲੇ 17 ਸਾਲਾਂ ਤੋਂ ਚੱਲ ਰਹੀ ਜੰਗ ਦੇ ਸੰਕਟ ਨੂੰ ਹੱਲ ਕਰਨ ਦੀ ਪ੍ਰਕਿਰਿਆ ਵਿਚ ਅਹਿਮ ਕਦਮ ਵਜੋਂ ਵੇਖਿਆ ਜਾ ਰਿਹਾ ਹੈ। ਇਹ ਪ੍ਰਕਿਰਿਆ ਬੀਤੇ ਸਾਲ ਸਤੰਬਰ ਮਹੀਨੇ ਵਿਚ ਅਮਰੀਕਾ ਦੇ ਸ਼ਾਂਤੀ ਦੂਤ ਜ਼ਾਲਮੇ ਖਲੀਲਜ਼ਾਦ ਦੀ ਨਿਯੁਕਤੀ ਨਾਲ ਤੇਜ਼ ਹੋ ਗਈ ਸੀ। ਖਲੀਲਜ਼ਾਦ ਵੱਲੋਂ ਤਾਲਿਬਾਨ ਨਾਲ ਵੱਖਰੇ ਤੌਰ ਉੱਤੇ ਵੀ ਗੱਲਬਾਤ ਕੀਤੀ ਜਾ ਰਹੀ ਹੈ ਭਾਵੇਂ ਕਿ ਉਸ ਵੱਲੋਂ ਸਾਰੀਆਂ ਧਿਰਾਂ ਵਿਚ ਗੱਲਬਾਤ ਉੱਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ, ਜਿਸ ਨਾਲ ਅਫਗਾਨਿਸਤਾਨ ਦੀਆਂ ਸਾਰੀਆਂ ਮੁੱਖ ਧਿਰਾਂ ਇਕੱਠੀਆਂ ਹੋ ਸਕਣ।
ਦੂਜੇ ਪਾਸੇ, ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦਫਤਰ ਨੇ ਮਾਸਕੋ ਵਿਚ ਹੋਣ ਵਾਲੀ ਇਸ ਮੀਟਿੰਗ ਦੀ ਨਿਖੇਧੀ ਕੀਤੀ ਹੈ ਜਿਸਦਾ ਕਹਿਣਾ ਹੈ ਕਿ ਇਸ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਅਫ਼ਗਾਨਿਸਤਾਨੀ ਆਗੂ ਸੱਤਾ ਹਾਸਲ ਕਰਨ ਲਈ ਅਜਿਹਾ ਕਰ ਰਹੇ ਹਨ। ਗਨੀ ਦੇ ਮੁੱਖ ਸਲਾਹਕਾਰ ਫੈਜ਼ਲ ਫਾਜ਼ਲੀ ਨੇ ਟਵੀਟ ਕੀਤਾ,‘ਇਹ ਮੁਲਾਕਾਤ ਅਫ਼ਸੋਸਜਨਕ ਹੈ।’ ਤਾਲਿਬਾਨ ਦੇ ਰਾਜਸੀ ਦਫਤਰ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਤਾਲਿਬਾਨ ਵੱਲੋਂ ਇਸ ਗੱਲਬਾਤ ਵਿਚ ਸ਼ਾਮਲ ਹੋਣ ਦੀ ਗੱਲ ਨੂੰ ਪੁਖਤਾ ਕੀਤਾ ਹੈ। ਤਾਲਿਬਾਨ ਦੇ ਵਫ਼ਦ ਦੀ ਅਗਵਾਈ ਸ਼ੇਰ ਮੁਹੰਮਦ ਅੱਬਾਸ ਸਤਾਨਿਕਜਈ ਵੱਲੋਂ ਕੀਤੀ ਜਾਵੇਗੀ।