ਭ੍ਰਿਸ਼ਟਾਚਾਰ ਦੇ ਮਾਮਲੇ ’ਚ ਨੇਤਨਯਾਹੂ ਨੂੰ ਦੋਸ਼ੀ ਠਹਿਰਾਉਣ ਦੀ ਸਿਫਾਰਸ਼

ਇਜ਼ਰਾਈਲ ਪੁਲੀਸ ਨੇ ਅੱਜ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਨੂੰ ਰਿਸ਼ਵਤ ਤੇ ਹੋਰਨਾਂ ਅਪਰਾਧਾਂ ਲਈ ਦੋਸ਼ੀ ਠਹਿਰਾਉਣ ਦੀ ਸਿਫਾਰਸ਼ ਕੀਤੀ ਹੈ। ਪ੍ਰਧਾਨ ਮੰਤਰੀ ਖ਼ਿਲਾਫ਼ ਹਾਲ ਹੀ ਦੇ ਮਹੀਨਿਆਂ ’ਚ ਕੀਤੀ ਗਈ ਇਹ ਤੀਜੀ ਸਿਫਾਰਸ਼ ਹੈ। ਅਟਾਰਨੀ ਜਨਰਲ ਹੁਣ ਇਹ ਫ਼ੈਸਲਾ ਕਰਨਗੇ ਕਿ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨੂੰ ਮੁਲਜ਼ਮ ਬਣਾਇਆ ਜਾਵੇ ਜਾਂ ਨਾ। ਇਹ ਮਾਮਲਾ ਦੂਰਸੰਚਾਰ ਕੰਪਨੀ ਬੇਜੇਕ ਨੂੰ ਕਥਿਤ ਤੌਰ ’ਤੇ ਨਿਯਮਾਂ ਤੋਂ ਬਾਹਰ ਜਾ ਕੇ ਫਾਇਦੇ ਪਹੁੰਚਾਉਣ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ’ਚ ਇੱਕ ਸਬੰਧਤ ਮੀਡੀਆ ਕੰਪਨੀ ਨੂੰ ਸਕਾਰਾਤਮਕ ਕਵਰੇਜ ਬਦਲੇ ਉਸ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼ ਹੈ। ਪੁਲੀਸ ਨੇ ਫਰਵਰੀ ’ਚ ਨੇਤਨਯਾਹੂ ਨੂੰ ਭ੍ਰਿਸ਼ਟਾਚਾਰ ਨਾਲ ਸਬੰਧਤ ਦੋ ਹੋਰ ਮਾਮਲਿਆਂ ’ਚ ਦੋਸ਼ੀ ਠਹਿਰਾਉਣ ਦੀ ਸਿਫਾਰਸ਼ ਕੀਤੀ ਸੀ। ਦੂਜੇ ਪਾਸੇ ਨੇਤਨਯਾਹੂ ਨੇ ਤੁਰੰਤ ਇਨ੍ਹਾਂ ਦੋਸ਼ਾਂ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ’ਤੇ ਲਗਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ।