‘ਭਾਰਤ ਵਿੱਚ ਹਰ ਦੋ ਮਿੰਟ ’ਚ ਹੁੰਦੀ ਹੈ ਤਿੰਨ ਬਾਲਾਂ ਦੀ ਮੌਤ’

ਨਿੱਕੇ ਬਾਲਾਂ ਦੀ ਮੌਤ ਦਾ ਹਿਸਾਬ ਲਾਉਣ ਵਾਲੇ ਸੰਯੁਕਤ ਰਾਸ਼ਟਰ ਦੇ ਅੰਤਰ-ਏਜੰਸੀ ਸਮੂਹ (ਯੂਐੱਨਆਈਜੀਐੱਮਈ) ਵੱਲੋਂ ਜਾਰੀ ਰਿਪੋਰਟ ਦੀ ਮੰਨੀਏ ਤਾਂ ਭਾਰਤ ਵਿੱਚ ਔਸਤ ਹਰ ਦੋ ਮਿੰਟ ਵਿੱਚ ਤਿੰਨ ਬੱਚੇ ਪਾਣੀ, ਸੈਨੀਟੇਸ਼ਨ, ਵਾਜਬ ਪੌਸ਼ਟਿਕ ਖੁਰਾਕ ਜਾਂ ਬੁਨਿਆਦੀ ਸਿਹਤ ਸੇਵਾਵਾਂ ਦੀ ਅਣਹੋਂਦ ਵਿੱਚ ਮੌਤ ਦੇ ਮੂੰਹ ਜਾ ਪੈਂਦੇ ਹਨ। ਰਿਪੋਰਟ ਮੁਤਾਬਕ ਸਾਲ 2017 ਵਿੱਚ ਨਿੱਕੇ ਬਾਲਾਂ ਦੀ ਮੌਤ ਦਾ ਅੰਕੜਾ 8.02 ਲੱਖ ਦੇ ਕਰੀਬ ਸੀ, ਜੋ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਹੇਠਲਾ ਅੰਕੜਾ ਸੀ। ਪਰ ਕੁਲ ਆਲਮ ਦੇ ਮੁਕਾਬਲੇ ਇਹ ਅੰਕੜਾ ਅਜੇ ਵੀ ਸਭ ਤੋਂ ਵੱਧ ਹੈ। ਇਸ ਸੂਚੀ ਵਿੱਚ 3.30 ਲੱਖ ਮੌਤਾਂ ਨਾਲ ਚੀਨ ਦੂਜੇ ਸਥਾਨ ’ਤੇ ਹੈ।
ਵਿਸ਼ਵ ਸਿਹਤ ਸੰਗਠਨ ਵਿੱਚ ਸਿਹਤ ਮਹਿਕਮੇ ਦੇ ਮੁਖੀ ਡਾ. ਗਗਨ ਗੁਪਤਾ ਦਾ ਹਾਲਾਂਕਿ ਕਹਿਣਾ ਹੈ ਕਿ ਭਾਰਤ ਨੇ ਨਿੱਕੇ ਬੱਚਿਆਂ ਦੀ ਮੌਤ ਦੀ ਦਰ ਨੂੰ ਘਟਾਉਣ ਦੀ ਦਿਸ਼ਾ ਵਿੱਚ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਰਾਹੀਂ ਇਸ ਪਾਸੇ ਚੰਗਾ ਕੰਮ ਕੀਤਾ ਹੈ। ਉਨ੍ਹਾਂ ਕਿਹਾ, ‘ਇਸ ਤੱਥ ’ਤੇ ਗੌਰ ਕਰਨੀ ਬਣਦੀ ਹੈ ਕਿ ਭਾਰਤ ਵਿੱਚ ਹਰ ਸਾਲ ਢਾਈ ਕਰੋੜ ਬੱਚੇ ਜਨਮ ਲੈਂਦੇ ਹਨ ਤੇ ਨਿੱਕੇ ਬਾਲਾਂ ਦੀ ਮੌਤ ਦਰ ਪਹਿਲਾਂ ਦੇ ਮੁਕਾਬਲੇ ਘਟੀ ਹੈ। ਪਿਛਲੇ ਪੰਜ ਸਾਲਾਂ ਵਿੱਚ ਇਹ ਸਭ ਤੋਂ ਹੇਠਲੇ ਪੱਧਰ ’ਤੇ ਹੈ। ਗੁਪਤਾ ਨੇ ਕਿਹਾ ਕਿ ਨਿੱਕੇ ਬਾਲਾਂ ਦੀ ਮੌਤ ਦੀ ਮੁੱਖ ਵਜ੍ਹਾ ਪਾਣੀ, ਸੈਨੀਟੇਸ਼ਨ, ਵਾਜਬ ਪੌਸ਼ਟਿਕ ਖੁਰਾਕ ਤੇ ਬੁਨਿਆਦੀ ਸਿਹਤ ਸੇਵਾਵਾਂ ਦੀ ਘਾਟ ਹੈ। ਯੂਐੱਨਆਈਜੀਐਮਈ ਦੀ ਰਿਪੋਰਟ ਮੁਤਾਬਕ ਸਾਲ 2017 ਵਿੱੱਚ 6.05 ਲੱਖ ਨਵਜੰਮੇ ਬਾਲਾਂ ਦੀ ਮੌਤ ਹੋ ਗਈ ਜਦੋਂਕਿ 5 ਤੋਂ 14 ਸਾਲ ਦੇ ਬੱਚਿਆਂ ਦੀ ਗਿਣਤੀ 1.52 ਲੱਖ ਸੀ। ਯੂਨੀਸੈੱਫ ਇੰਡੀਆ ਦੇ ਨੁਮਾਇੰਦੇ ਯਾਸਮੀਨ ਅਲੀ ਹੱਕ ਨੇ ਕਿਹਾ ਕਿ ਭਾਰਤ ਵਿੱਚ ਬੱਚਿਆਂ ਦੀ ਮੌਤ ਦਰ ਵਿੱਚ ਪ੍ਰਭਾਵਸ਼ਾਲੀ ਨਿਘਾਰ ਆਇਆ ਹੈ।