ਭਾਰਤੀ ਰੇਲਵੇ ਨੇ ਜਿੱਤਿਆ ਨਹਿਰੂ ਹਾਕੀ ਟੂਰਨਾਮੈਂਟ

55ਵਾਂ ਨਹਿਰੂ ਸੀਨੀਅਰ ਹਾਕੀ ਟੂਰਨਾਮੈਂਟ ਭਾਰਤੀ ਰੇਲਵੇ ਨੇ ਜਿੱਤ ਲਿਆ ਹੈ। ਭਾਰਤੀ ਰੇਲਵੇ ਨੇ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਪੰਜਾਬ ਨੈਸ਼ਨਲ ਬੈਂਕ ਨੂੰ 2-1 ਗੋਲਾਂ ਦੇ ਫ਼ਰਕ ਨਾਲ ਹਰਾ ਦਿੱਤਾ।
ਭਾਰਤੀ ਰੇਲਵੇ ਦੇ ਖਿਡਾਰੀਆਂ ਨੇ ਅੱਜ ਫਾਈਨਲ ਮੁਕਾਬਲੇ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਭਾਰਤੀ ਰੇਲਵੇ ਦੇ ਖਿਡਾਰੀ ਬਲਜਿੰਦਰ ਸਿੰਘ ਨੇ ਮੈਚ ਦੇ 26ਵੇਂ ਮਿੰਟ ਵਿੱਚ ਗੋਲ ਕਰ ਕੇ ਟੀਮ ਨੂੰ ਲੀਡ ਦਿਵਾਈ। ਉਸ ਤੋਂ ਬਾਅਦ ਅਜੀਤ ਕੁਮਾਰ ਪਾਂਡੇ ਨੇ 32ਵੇਂ ਮਿੰਟ ਵਿੱਚ ਗੋਲ ਕਰ ਕੇ ਲੀਡ ਵਿੱਚ ਵਾਧਾ ਕੀਤਾ ਅਤੇ ਅੱਧੇ ਸਮੇਂ ਤੱਕ ਰੇਲਵੇ ਦੇ ਖਿਡਾਰੀ ਵਿਰੋਧੀ ਟੀਮ ’ਤੇ ਹਾਵੀ ਰਹੇ। ਦੂਜੇ ਅੱਧ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਖਿਡਾਰੀ ਸ਼ਮਸ਼ੇਰ ਨੇ 69ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਤਰ੍ਹਾਂ ਭਾਰਤੀ ਰੇਲਵੇ ਦੀ ਟੀਮ 2-1 ਗੋਲਾਂ ਦੇ ਫ਼ਰਕ ਨਾਲ ਦੇਸ਼ ਦੇ ਇਸ ਵਕਾਰੀ ਟੂਰਨਾਮੈਂਟ ਦੇ ਖ਼ਿਤਾਬ ’ਤੇ ਕਾਬਜ਼ ਹੋ ਗਈ। ਫਾਈਨਲ ਮੁਕਾਬਲੇ ਵਿੱਚ ਭਾਰਤੀ ਰੇਲਵੇ ਦੇ ਖਿਡਾਰੀ ਬਲਜਿੰਦਰ ਸਿੰਘ ਨੂੰ ਮੈਨ ਆਫ਼ ਦਿ ਮੈਚ ਚੁਣਿਆ ਗਿਆ। ਨਹਿਰੂ ਸੀਨੀਅਰ ਹਾਕੀ ਟੂਰਨਾਮੈਂਟ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਇੰਡੀਅਨ ਰੇਲਵੇ ਦੇ ਖਿਡਾਰੀ ਪਰਦੀਪ ਸਿੰਘ ਨੂੰ ਟੂਰਨਾਮੈਂਟ ਦਾ ਵਧੀਆ ਖਿਡਾਰੀ ਚੁਣਿਆ ਗਿਆ ਅਤੇ 25 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ। ਨਹਿਰੂ ਹਾਕੀ ਟੂਰਨਾਮੈਂਟ ਸੁਸਾਇਟੀ ਵੱਲੋਂ ਜੇਤੂ ਟੀਮ ਭਾਰਤੀ ਰੇਲਵੇ ਨੂੰ ਇਨਾਮ ਵਜੋਂ ਦੋ ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਇੱਕ ਲੱਖ ਰੁਪਏ ਇਲਾਮ ਵਜੋਂ ਦਿੱਤੇ ਗਏ।