ਤਜ਼ਰਬੇਕਾਰ ਆਫ਼ ਸਪਿੰਨਰ ਆਰ ਅਸ਼ਵਿਨ ਨੇ ਆਸਟਰੇਲਿਆਈ ਸਿਖ਼ਰਲੇ ਕ੍ਰਮ ਨੂੰ ਛੇਤੀ ਹੀ ਆਊਟ ਕਰ ਦਿੱਤਾ ਜਦੋਂਕਿ ਤੇਜ਼ ਗੇਂਦਬਾਜ਼ਾਂ ਨੇ ਦੌੜਾਂ ਦੀ ਰਫ਼ਤਾਰ ’ਤੇ ਰੋਕ ਲਗਾ ਕੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਅੱਜ ਭਾਰਤ ਦਾ ਪੱਲਾ ਭਾਰੀ ਕਰ ਦਿੱਤਾ। ਆਸਟਰੇਲੀਆ ਲਈ ਆਖ਼ਰੀ ਸੈਸ਼ਨ ਵਿੱਚ ਟਰੈਵਿਸ ਹੈੱਡ (ਨਾਬਾਦ 61) ਅਤੇ ਪੈਟ ਕਮਿਨਜ਼ (10) ਨੇ 50 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਅਖ਼ੀਰ ਵਿੱਚ ਕਮਿਨਜ਼ ਦੇ ਆਊਟ ਹੋਣ ਨਾਲ ਭਾਰਤ ਨੇ ਫਿਰ ਦਬਾਅ ਬਣਾ ਦਿੱਤਾ। ਦੂਜੇ ਦਿਨ ਦਾ ਖੇਡ ਸਮਾਪਤ ਹੋਣ ’ਤੇ ਆਸਟਰੇਲੀਆ ਨੇ 88 ਓਵਰਾਂ ਵਿੱਚ ਸੱਤ ਵਿਕਟਾਂ ’ਤੇ 191 ਦੌੜਾਂ ਬਣਾ ਲਈਆਂ ਸਨ। ਅਸ਼ਵਿਨ ਨੇ 33 ਓਵਰਾਂ ਵਿੱਚ 50 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 34 ਤੇ ਇਸ਼ਾਂਤ ਸ਼ਰਮਾ ਨੇ 31 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ। ਮਿਸ਼ੇਲ ਸਟਾਰਕ ਅੱਠ ਦੌੜਾਂ ਬਣਾ ਕੇ ਹੈੱਡ ਦੇ ਨਾਲ ਕਰੀਜ਼ ’ਤੇ ਮੌਜੂਦ ਸੀ। ਭਾਰਤ ਦੀ ਪਹਿਲੀ ਪਾਰੀ ਦੀਆਂ 250 ਦੌੜਾਂ ਤੋਂ ਆਸਟਰੇਲੀਆ ਹਾਲੇ ਵੀ 59 ਦੌੜਾਂ ਪਿੱਛੇ ਹੈ ਅਤੇ ਉਸ ਦੀਆਂ ਤਿੰਨ ਵਿਕਟਾਂ ਹੀ ਬਚੀਆਂ ਹਨ। ਚਾਹ ਦੀ ਬਰੇਕ ਤੋਂ ਬਾਅਦ ਆਸਟਰੇਲੀਆ ਨੇ ਦਸ ਦੌੜਾਂ ਅਤੇ ਅੱਠ ਓਵਰਾਂ ਦੇ ਅੰਦਰ ਦੋ ਵਿਕਟਾਂ ਗੁਆਈਆਂ। ਪੀਟਰ ਹੈਂਡਜ਼ਕੌਂਬ (34) ਆਊਟ ਹੋਣ ਵਾਲਾ ਪਹਿਲਾ ਬੱਲੇਬਾਜ਼ ਰਿਹਾ ਜੋ ਬੁਮਰਾਹ ਦੀ ਗੇਂਦ ਨੂੰ ਕੱਟ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਵਿਕਟਾਂ ਦੇ ਪਿੱਛੇ ਕੈਚ ਦੇ ਬੈਠਾ। ਇਸ ਤੋਂ ਬਾਅਦ ਇਸ਼ਾਂਤ ਨੇ ਆਸਟਰੇਲਿਆਈ ਕਪਤਾਨ ਟਿਮ ਪੇਨ (05) ਨੂੰ ਉਸੇ ਅੰਦਾਜ਼ ਵਿੱਚ ਆਊਟ ਕੀਤਾ। ਆਸਟਰੇਲੀਆ ਦੀਆਂ ਛੇ ਵਿਕਟਾਂ 127 ਦੌੜਾਂ ’ਤੇ ਡਿੱਗ ਗਈਆਂ ਜਿਸ ਤੋਂ ਬਾਅਦ ਹੈੱਡ ਅਤੇ ਕਮਿਨਜ਼ ਨੇ ਸੱਤਵੀਂ ਵਿਕਟ ਲਈ ਅਰਧਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਹੈੱਡ ਨੇ ਆਪਣਾ ਦੂਜਾ ਅਰਧਸੈਂਕੜਾ 103 ਗੇਂਦਾਂ ’ਚ ਪੂਰਾ ਕੀਤਾ। ਕਮਿਨਜ਼ ਨੂੰ ਬੁਮਰਾਹ ਨੇ ਐੱਲਬੀਡਬਲਿਊ ਆਊਟ ਕੀਤਾ। ਪਹਿਲਾਂ ਸ਼ਾਨ ਮਾਰਸ਼ (02) ਨੇ ਦੁਪਹਿਰ ਦੇ ਖਾਣੇ ਤੋਂ ਤੁਰੰਤ ਬਾਾਅਦ ਆਪਣੀ ਵਿਕਟ ਗੁਆਈ। ਪਹਿਲੇ ਹੀ ਓਵਰ ਵਿੱਚ ਅਸ਼ਵਿਨ ਦੀ ਗੇਂਦ ’ਤੇ ਹਮਲਾਵਰ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਉਹ ਆਊਟ ਹੋ ਗਿਆ। ਉਸ ਸਮੇਂ ਆਸਟਰੇਲੀਆ ਦਾ ਸਕੋਰ ਤਿੰਨ ਵਿਕਟਾਂ ’ਤੇ ਸਿਰਫ 59 ਦੌੜਾਂ ਸੀ। ਉਸਮਾਨ ਖਵਾਜਾ (28) ਅਤੇ ਹੈਂਡਜ਼ਕੌਂਬ ਨੇ ਚੌਥੇ ਵਿਕਟ ਲਈ 28 ਦੌੜਾਂ ਬਣਾਈਆਂ। ਹੈਂਡਜ਼ਕੌਂਬ ਨੇ ਮੁਹੰਮਦ ਸ਼ਮੀ ਦੀਆਂ ਗੇਂਦਾਂ ’ਤੇ ਕੁਝ ਸ਼ੁਰੂਆਤੀ ਚੌਕੇ ਲਗਾ ਕੇ ਦੌੜਾਂ ਦੀ ਰਫ਼ਤਾਰ ਕੁਝ ਵਧਾਈ। ਅਸ਼ਵਿਨ ਨੇ 40ਵੇਂ ਓਵਰ ’ਚ ਖਵਾਜਾ ਨੂੰ ਆਊਟ ਕਰ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਉਹ ਵਿਕਟ ਦੇ ਪਿੱਛੇ ਰਿਸ਼ਭ ਪੰਤ ਨੂੰ ਕੈਚ ਦੇ ਕੇ ਆਊਟ ਹੋਇਆ। ਭਾਰਤ ਨੇ ਡੀਆਰਐੱਸ ਰਿਵਿਊ ’ਤੇ ਇਹ ਵਿਕਟ ਹਾਸਲ ਕੀਤੀ। ਆਸਟਰੇਲੀਆ ਦਾ ਸਕੋਰ ਉਸ ਸਮੇਂ ਚਾਰ ਵਿਕਟਾਂ ’ਤੇ 87 ਦੌੜਾਂ ਹੋ ਗਿਆ। ਆਸਟਰੇਲੀਆ ਨੇ ਦੁਪਹਿਰ ਦੇ ਖਾਣੇ ਤੱਕ ਦੋ ਵਿਕਟਾਂ 57 ਦੌੜਾਂ ’ਤੇ ਗੁਆ ਦਿੱਤੀਆਂ ਸਨ। ਇਸ਼ਾਂਤ ਸ਼ਰਮਾ ਨੇ ਪਾਰੀ ਦੀ ਤੀਜੀ ਗੇਂਦ ’ਤੇ ਆਰੋਨ ਫਿੰਚ (00) ਨੂੰ ਆਊਟ ਕੀਤਾ। ਖਵਾਜਾ ਅਤੇ ਟੈਸਟ ਕ੍ਰਿਕਟ ’ਚ ਪਹਿਲ ਕਰ ਰਹੇ ਸਲਾਮੀ ਬੱਲੇਬਾਜ਼ ਮਾਰਕਸ ਹੈਰਿਸ (26) ਨੇ ਸੰਭਲ ਕੇ ਖੇਡਣ ਦੀ ਕੋਸ਼ਿਸ਼ ਕੀਤੀ। ਦੋਹਾਂ ਨੇ 20.4 ਓਵਰਾਂ ’ਚ 45 ਦੌੜਾਂ ਜੋੜੀਆਂ। ਇਹ ਭਾਰਤ ਦੀ ਸਿਖ਼ਰਲੀਆਂ ਚਾਰ ਵਿਕਟਾਂ ਲਈ ਹੋਈ ਕਿਸੇ ਵੀ ਸਾਂਝੇਦਾਰੀ ਤੋਂ ਵੱਡੀ ਸੀ। ਅਸ਼ਵਿਨ ਨੂੰ 12ਵੇਂ ਓਵਰ ’ਚ ਗੇਂਦ ਸੌਂਪੀ ਗਈ ਜਿਸ ਨੇ ਹੈਰਿਸ ਨੂੰ ਸਿਲੀ ਪੁਆਇੰਟ ’ਤੇ ਕੈਚ ਕਰਵਾਇਆ।
Sports ਭਾਰਤੀ ਗੇਂਦਬਾਜ਼ਾਂ ਅੱਗੇ ਬੇਵੱਸ ਹੋਏ ਕੰਗਾਰੂ