ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਦੀ ਨਜ਼ਰ ਭਾਰਤੀ ਅਤੇ ਚੀਨੀ ਵਿਦਿਆਰਥੀਆਂ ’ਤੇ

ਬ੍ਰੈਗਜ਼ਿਟ ਕਾਰਨ ਫੰਡਾਂ ਦੀ ਕਮੀ ਨਾਲ ਜੂਝ ਰਹੀਆਂ ਬ੍ਰਿਟੇਨ ਦੀਆਂ ਕੁਝ ਮੋਹਰੀ ਯੂਨੀਵਰਸਿਟੀਆਂ ਦੀ ਨਜ਼ਰ ਵਿਦੇਸ਼ੀ ਵਿਦਿਆਰਥੀਆਂ ’ਤੇ ਹੈ ਜੋ ਸਥਾਨਕ ਨੌਜਵਾਨਾਂ ਨਾਲੋਂ ਵੱਧ ਫੀਸਾਂ ਭਰਦੇ ਹਨ। ਇਨ੍ਹਾਂ ਯੂਨੀਵਰਸਿਟੀਆਂ ਦੇ ਮੁਖੀਆਂ ਨੂੰ ਭਾਰਤ ਅਤੇ ਚੀਨ ਦੇ ਵਿਦਿਆਰਥੀਆਂ ਤੋਂ ਵੱਡੀਆਂ ਆਸਾਂ ਹਨ। ਗਲਾਸਗੋ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਰਸੇਲ ਗਰੁੱਪ ਦੇ ਚੇਅਰਮੈਨ ਐਂਟਨ ਮਸਕਟੇਲੀ ਨੇ ‘ਦਿ ਸੰਡੇ ਟਾਈਮਜ਼’ ਨੂੰ ਦੱਸਿਆ ਕਿ ਵਿੱਤੀ ਚੁਣੌਤੀਆਂ ਦੇ ਟਾਕਰੇ ਲਈ ਉਹ ਵਿਦੇਸ਼ੀ ਵਿਦਿਆਰਥੀਆਂ ਖਾਸ ਕਰਕੇ ਭਾਰਤ ਅਤੇ ਚੀਨ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਭਰਤੀ ਕਰਨ ਦੀ ਕੋਸ਼ਿਸ਼ ਕਰਨਗੇ। ਰਿਪੋਰਟ ਮੁਤਾਬਕ ਯੂਕੇ ਦੇ ਉਚੇਰੀ ਸਿੱਖਿਆ ਖੇਤਰ ਨੂੰ ਤੀਹਰਾ ਝਟਕਾ ਲੱਗੇਗਾ। ਇੰਗਲੈਂਡ ਵੱਲੋਂ ਯੂਰੋਪੀ ਯੂਨੀਅਨ ਨਾਲ ਸਮਝੌਤਾ ਕੀਤੇ ਬਿਨਾਂ ਵੱਖ ਹੋਣ ’ਤੇ 1.3 ਅਰਬ ਪਾਊਂਡ ਦੇ ਈਯੂ ਖੋਜ ਫੰਡ ਦੀ ਕਟੌਤੀ ਹੋ ਜਾਵੇਗੀ ਅਤੇ ਯੂਰੋਪੀ ਯੂਨੀਅਨ ਦੇ ਵਿਦਿਆਰਥੀ ਵੀ ਘੱਟ ਜਾਣਗੇ। ਬਕਿੰਘਮ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਐਲਨ ਸਮਿਥਰਜ਼ ਨੇ ਦੱਸਿਆ ਕਿ ਭਾਰਤ ਅਤੇ ਚੀਨ ਦੇ ਵਿਦਿਆਰਥੀਆਂ ਦੀ ਗਿਣਤੀ ਵਧਣ ਨਾਲ ਬ੍ਰਿਟਿਸ਼ ਵਿਦਿਆਰਥੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਬ੍ਰਿਟਿਸ਼ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੋਰਚੇ ’ਤੇ ਵੀ ਸੰਘਰਸ਼ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਸਿਖਰਲੀਆਂ ਯੂਨੀਵਰਸਿਟੀਆਂ ’ਚ ਪੰਜ ਸਾਲਾ ਮੈਡੀਕਲ ਡਿਗਰੀ ਲਈ ਵਿਦੇਸ਼ੀ ਵਿਦਿਆਰਥੀਆਂ ਤੋਂ ਸਾਲਾਨਾ 30 ਹਜ਼ਾਰ ਪਾਊਂਡ ਤੋਂ ਵੱਧ ਵਸੂਲੇ ਜਾਂਦੇ ਹਨ ਜਦਕਿ ਯੂਕੇ ਦੇ ਵਿਦਿਆਰਥੀ 9250 ਪਾਊਂਡ ਹੀ ਫੀਸ ਭਰਦੇ ਹਨ।