ਤੇਜ ਗੇਂਦਬਾਜਾਂ ਟਰੈਂਟ ਬੋਲਟ ਅਤੇ ਕੋਲਿਨ ਡੇ ਗ੍ਰੈਂਡਹੋਮ ਦੀ ਤੂਫ਼ਾਨੀ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਨੇ ਚੌਥੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਵੀਰਵਾਰ ਨੂੰ ਇੱਥੇ ਭਾਰਤ ਨੂੰ ਅੱਠ ਵਿਕਟਾਂ ਦੀ ਕਰਾਰੀ ਹਾਰ ਦੇ ਕੇ ਪੰਜ ਮੈਚਾਂ ਦੀ ਲੜੀ ਵਿਚ ਪਹਿਲੀ ਜਿੱਤ ਦਰਜ ਕੀਤੀ ਹੈ। ਮੈਨ ਆਫ ਦੀ ਮੈਚ ਰਹੇ ਬੋਲਟ ਨੇ ਲਗਾਤਾਰ ਦਸ ਓਵਰ ਗੇਂਦਬਾਜ਼ੀ ਕਰਦਿਆਂ 21 ਦੌੜਾਂ ਦੇ ਕੇ ਪੰਜ ਵਿਕਟਾਂ ਅਤੇ ਜਦੋਂ ਕਿ ਗ੍ਰੈਂਡਹੋਮ ਨੇ 26 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕੀਆਂ, ਜਿਸ ਦੇ ਨਾਲ ਭਾਰਤੀ ਟੀਮ 30.5 ਓਵਰਾਂ ਦੇ ਵਿਚ 92 ਦੌੜਾਂ ਉੱਤੇ ਢੇਰ ਹੋ ਗਈ। ਇਹ ਟੀਮ ਇੰਡੀਆ ਦਾ ਸੱਤਵਾਂ ਸਭ ਤੋਂ ਘੱਟ ਸਕੋਰ ਹੈ। ਟਾਡ ਐਸਟਲ ਅਤੇ ਜਿਮੀ ਨਿਸ਼ਾਨ ਨੇ ਇੱਕ ਇੱਕ ਵਿਕਟ ਲਈ। ਇਸ ਦੇ ਜਵਾਬ ਵਿਚ ਨਿਊਜ਼ੀਲੈਂਡ ਨੇ 14.4 ਓਵਰਾਂ ਵਿਚ 93 ਦੌੜਾਂ ਬਣਾ ਕੇ ਬੇਹੱਦ ਆਸਾਨ ਜਿੱਤ ਹਾਸਲ ਕੀਤੀ। ਸਲਾਮੀ ਬੱਲੇਬਾਜ਼ ਹੈਨਰੀ ਨਿਕੋਲਸ (ਨਾਬਾਦ 30) ਅਤੇ ਰੋਸ ਟੇਲਰ (ਨਾਬਾਦ 37) ਨੇ ਤੀਜੇ ਵਿਕਟ ਲਈ 54 ਦੌੜਾਂ ਦੀ ਨਾਬਾਦ ਸਾਂਝੇਦਾਰੀ ਕੀਤੀ। ਟੇਲਰ ਨੇ 25 ਗੇਂਦਾਂ ਦੀ ਆਪਣੀ ਪਾਰੀ ਵਿਚ ਦੋ ਚੌਕੇ ਅਤੇ ਤਿੰਨ ਛੱਕੇ ਮਾਰੇ। ਨਿਊਜ਼ੀਲੈਂਡ ਨੇ 212 ਗੇਂਦਾਂਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ ਅਤੇ ਇਹ ਗੇਂਦਾਂ ਬਾਕੀ ਰਹਿਣ ਦੇ ਲਿਹਾਜ਼ ਨਾਲ ਭਾਰਤ ਦੀ ਸਭ ਤੋਂ ਵੱਡੀ ਹਾਰ ਹੈ। ਇਸ ਤੋਂ ਅਗਸਤ 2010 ਵਿਚ ਭਾਰਤ ਨੇ ਦਮਬੁੱਲਾ ਵਿਚ ਸ੍ਰੀਲੰਕਾ ਨੂੰ 209 ਗੇਂਦਾਂ ਬਾਕੀ ਰਹਿੰਦਿਆਂ ਹਰਾਇਆ ਸੀ। ਭਾਰਤ ਦਾ ਕੋਈ ਵੀ ਬੱਲੇਬਾਜ਼ 20 ਦੌੜਾਂ ਦੇ ਸਕੋਰ ਨੂੰ ਪਾਰ ਨਹੀਂ ਕਰ ਸਕਿਆ। ਦਸਵੇਂ ਨੰਬਰ ਉੱਤੇ ਬੱਲੇਬਾਜ਼ੀ ਕਰਨ ਉੱਤਰੇ ਯੁਜਵੇਂਦਰ ਚਾਹਲ ਨੇ ਸਭ ਤੋਂ ਵੱਧ 18 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਹਾਰਦਿਕ ਪਾਂਡਿਆ 16, ਕੁਲਦੀਪ ਯਾਦਵ 15 ਅਤੇ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ 13 ਹੀ ਦੂਹਰੇ ਅੰਕੜੇ ਨੂੰ ਛੂਹ ਸਕੇ। ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕਰ ਰਿਹਾ ਪੰਜਾਬ ਦਾ ਸ਼ੁਭਮਨ ਗਿੱਲ 9 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਹਾਰ ਦੇ ਬਾਵਜੂਦ ਭਾਰਤ ਨੇ ਲੜੀ ਵਿਚ 3-1 ਦੀ ਲੀਡ ਬਣਾ ਰੱਖੀ ਹੈ। ਲੜੀ ਦਾ ਪੰਜਵਾਂ ਅਤੇ ਆਖ਼ਰੀ ਮੈਚ ਤਿੰਨ ਫਰਵਰੀ ਨੂੰ ਵੇਲਿੰਗਟਨ ਵਿਖੇ ਖੇਡਿਆ ਜਾਵੇਗਾ। ਭਾਰਤ ਨੇ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਪਰ ਕੋਈ ਵੀ ਖਿਡਾਰੀ ਖਾਸ ਪ੍ਰਭਾਵਿਤ ਨਹੀਂ ਕਰ ਸਕਿਆ। ਨਿਊਜ਼ੀਲੈਂਡ ਵਿਚ ਭਾਰਤੀ ਟੀਮ ਨੂੰ ਲੜੀ ਦੇ ਵਿਚ ਮਿਲੀ ਇਸ ਪਹਿਲੀ ਹਾਰ ਦੇ ਨਾਲਜਬਰਦਸਤ ਝਟਕਾ ਲੱਗਾ ਹੈ। -ਪੀਟੀਆਈ
Sports ਬੋਲਟ ਤੇ ਗ੍ਰੈਂਡਹੋਮ ਦੇ ਤੂਫਾਨ ’ਚ ਉਡਿਆ ਭਾਰਤ