ਮੇਜ਼ਬਾਨ ਭਾਰਤ ਨੇ ਮਜ਼ਬੂਤ ਪ੍ਰਦਰਸ਼ਨ ਕਰਦਿਆਂ ਇੱਥੇ ਕਲਿੰਗਾ ਸਟੇਡੀਅਮ ’ਤੇ ਵਿਸ਼ਵ ਹਾਕੀ ਕੱਪ ਦੇ ਪੂਲ ‘ਸੀ’ ਦੇ ਦੂਜੇ ਮੈਚ ਵਿੱਚ ਬੈਲਜੀਅਮ ਨੂੰ ਡਰਾਅ ’ਤੇ ਰੋਕ ਦਿੱਤਾ। ਭਾਰਤ ਨੇ ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਟੀਮ ਨਾਲ 2-2 ਗੋਲਾਂ ਦਾ ਡਰਾਅ ਖੇਡਿਆ। ਭਾਰਤ ਵੱਲੋਂ ਹਰਮਨਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਹਾਲਾਂਕਿ ਮੈਚ ਦੇ ਸ਼ੁਰੂ ਵਿੱਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਪਹਿਲੇ ਦੋਵੇਂ ਕੁਆਰਟਰ ਵਿੱਚ ਰੱਖਿਆਤਮ ਹੋ ਕੇ ਖੇਡੀ। ਅਲੈਨੇਂਦਰ ਹੈਂਡ੍ਰਿਕ ਨੇ ਪਹਿਲੇ ਕੁਆਰਟਰ ਦੇ ਅੱਠਵੇਂ ਮਿੰਟ ਵਿੱਚ ਗੋਲ ਦਾਗ਼ ਕੇ ਬੈਲਜੀਅਮ ਨੂੰ 1-0 ਦੀ ਲੀਡ ਦਿਵਾਈ। ਦੂਜੇ ਕੁਆਰਟਰ ਵਿੱਚ ਦੋਵਾਂ ਟੀਮਾਂ ਨੇ ਇੱਕ-ਦੂਜੇ ’ਤੇ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਕਾਮਯਾਬ ਨਹੀਂ ਹੋ ਸਕੀ। ਇਸ ਤੋਂ ਬਾਅਦ ਭਾਰਤ ਨੇ ਹਮਲਾਵਰ ਹਾਕੀ ਖੇਡੀ। ਉਸ ਨੇ ਮੈਚ ਦੇ ਤੀਜੇ ਅਤੇ ਚੌਥੇ ਕੁਆਰਟਰ ਵਿੱਚ ਲਗਾਤਾਰ ਦੋ ਗੋਲ ਦਾਗ਼ੇ। ਹਰਮਨਪ੍ਰੀਤ ਸਿੰਘ ਨੇ 39ਵੇਂ ਅਤੇ ਸਿਮਰਨਜੀਤ ਸਿੰਘ ਨੇ 47ਵੇਂ ਮਿੰਟ ਵਿੱਚ ਗੋਲ ਕਰਕੇ ਮੇਜ਼ਬਾਨ ਟੀਮ ਦੀ ਲੀਡ ਦੁੱਗਣੀ ਕਰ ਿਦੱਤੀ। ਇੱਕ ਸਮੇਂ ਲੱਗ ਰਿਹਾ ਸੀ ਕਿ ਭਾਰਤ ਇਸ ਟੂਰਨਾਮੈਂਟ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕਰ ਲਵੇਗਾ, ਪਰ ਉਹ ਆਪਣੀ ਦੋ ਗੋਲਾਂ ਦੀ ਲੀਡ ਨੂੰ ਕਾਇਮ ਨਹੀਂ ਰੱਖ ਸਕਿਆ। ਬੈਲਜੀਅਮ ਨੇ ਆਖ਼ਰੀ ਪਲਾਂ ਵਿੱਚ ਬਰਾਬਰੀ ਦਾ ਗੋਲ ਦਾਗ਼ ਕੇ ਉਸ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਇਹ ਗੋਲ ਸਿਮੋਨ ਗੌਗਨਾਰਡ ਨੇ 56ਵੇਂ ਮਿੰਟ ਵਿੱਚ ਕੀਤਾ। ਮੈਚ ਡਰਾਅ ਹੋਣ ਦੇ ਬਾਵਜੂਦ ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਪੂਲ ‘ਸੀ’ ਵਿੱਚ ਗੋਲ ਦੇ ਹਿਸਾਬ ਨਾਲ ਬੈਲਜੀਅਮ ਨੂੰ ਪਛਾੜ ਕੇ ਚੋਟੀ ’ਤੇ ਹੈ। ਦੋਵਾਂ ਟੀਮਾਂ ਨੇ ਇੱਕ-ਇੱਕ ਮੈਚ ਜਿੱਤਿਆ ਹੈ, ਜਦੋਂਕਿ ਇੱਕ-ਇੱਕ ਵਿੱਚ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਸ਼ੁਰੂ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਇੱਕਪਾਸੜ ਮੁਕਾਬਲੇ ਵਿੱਚ 5-0 ਗੋਲਾਂ ਨਾਲ ਹਰਾਇਆ ਸੀ ਅਤੇ ਬੈਲਜੀਅਮ ਨੇ ਕੈਨੇਡਾ ਨੂੰ 2-1 ਨਾਲ ਮਾਤ ਦਿੱਤੀ ਸੀ। ਕੈਨੇਡਾ ਦੀ ਟੀਮ ਆਪਣੇ ਆਖ਼ਰੀ ਪੂਲ ਮੈਚ ਵਿੱਚ ਅੱਠ ਦਸੰਬਰ ਨੂੰ ਭਾਰਤ ਨਾਲ ਖੇਡੇਗੀ, ਜਦਕਿ ਦੱਖਣੀ ਅਫਰੀਕਾ ਇਸੇ ਦਿਨ ਵਿਸ਼ਵ ਰੈਂਕਿੰਗਜ਼ ਵਿੱਚ ਤੀਜੇ ਸਥਾਨ ’ਤੇ ਕਾਬਜ਼ ਬੈਲਜੀਅਮ ਖ਼ਿਲਾਫ਼ ਮੈਦਾਨ ’ਤੇ ਉਤਰੇਗਾ। ਪੂਲ ‘ਸੀ’ ਦੇ ਦੂਜੇ ਮੈਚ ਵਿੱਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਹ ਪਹਿਲੇ ਦੋਵੇਂ ਕੁਆਰਟਰਾਂ ਵਿੱਚ ਕੋਈ ਗੋਲ ਨਹੀਂ ਕਰ ਸਕਿਆ, ਜਦੋਂਕਿ ਬੈਲਜੀਅਮ ਨੇ ਪਹਿਲੇ ਕੁਆਰਟਰ ਵਿੱਚ ਹੀ ਮੇਜ਼ਬਾਨ ਟੀਮ ’ਤੇ ਦਬਦਬਾ ਬਣਾ ਲਿਆ। ਬੈਲਜੀਅਮ ਨੂੰ ਪਹਿਲਾ ਪੈਨਲਟੀ ਕਾਰਨਰ ਦੂਜੇ ਮਿੰਟ ਵਿੱਚ ਮਿਲਿਆ, ਪਰ ਭਾਰਤੀ ਡਿਫੈਂਸ ਨੇ ਉਸ ਨੂੰ ਸੰਨ੍ਹ ਨਹੀਂ ਲਾਉਣ ਦਿੱਤੀ। ਇਸ ਤੋਂ ਬਾਅਦ ਅੱਠਵੇਂ ਮਿੰਟ ਵਿੱਚ ਬੈਲਜੀਅਮ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ, ਪਰ ਇਸ ਵਾਰ ਹੈਂਡ੍ਰਿਕ ਨੇ ਗੋਲ ਕਰਨ ਵਿੱਚ ਕੋਈ ਗ਼ਲਤੀ ਨਹੀਂ ਕੀਤੀ। ਉਸ ਨੇ ਭਾਰਤੀ ਗੋਲਕੀਪਰ ਪੀਆਰ ਸ੍ਰੀਜੇਸ਼ ਨੂੰ ਚਕਮਾ ਦਿੰਦਿਆਂ ਗੇਂਦ ਨੂੰ ਗੋਲ ਪੋਸਟ ਵਿੱਚ ਪਹੁੰਚਾ ਦਿੱਤਾ। ਭਾਰਤ ਨੂੰ ਇਸ ਦੌਰਾਨ ਕਈ ਮੌਕੇ ਮਿਲੇ, ਪਰ ਉਹ ਇਨ੍ਹਾਂ ਨੂੰ ਗੋਲ ਵਿੱਚ ਨਹੀਂ ਬਦਲ ਸਕਿਆ। ਦੂਜੇ ਕੁਆਰਟਰ ਦੇ ਪੰਜਵੇਂ ਮਿੰਟ ਵਿੱਚ ਕਪਤਾਨ ਮਨਪ੍ਰੀਤ ਸਿੰਘ ਦੇ ਦਿੱਤੇ ਪਾਸ ’ਤੇ ਦਿਲਪ੍ਰੀਤ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਗੋਲ ਪੋਸਟ ਦੇ ਮੁਹਾਣੇ ਦੇ ਸੱਜੇ ਪਾਸੇ ਤੋਂ ਬਾਹਰ ਚਲੀ ਗਈ। ਅੱਧੇ ਸਮੇਂ ਮਗਰੋਂ ਦੂਜੇ ਮਿੰਟ ਵਿੱਚ ਬੈਲਜੀਅਮ ਦੇ ਟੌਮ ਬੂਨ ਨੇ ਲੀਡ ਦੁੱਗਣੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸ਼ਾਟ ਵੀ ਬਾਹਰ ਚਲਾ ਗਿਆ। ਇਸ ਤੋਂ ਬਾਅਦ ਭਾਰਤ ਨੇ ਹਮਲਾਵਰ ਹਾਕੀ ਖੇਡੀ। ਸਿਮਰਨਜੀਤ ਦੇ ਮਿਲੇ ਪਾਸ ’ਤੇ ਦਿਲਪ੍ਰੀਤ ਨੇ ਤੀਜੇ ਕੁਆਰਟਰ ਦੇ ਤੀਜੇ ਮਿੰਟ ਵਿੱਚ ਗੇਂਦ ’ਤੇ ਸ਼ਾਟ ਮਾਰਿਆ, ਪਰ ਬੈਲਜੀਅਮ ਦੇ ਗੋਲਕੀਪਰ ਵਿਨਸੈਂਟ ਵਾਨਾਸ਼ ਨੇ ਇਸ ਨੂੰ ਗੋਲ ਵਿੱਚ ਨਹੀਂ ਬਦਲਣ ਦਿੱਤਾ।
Sports ਬੈਲਜੀਅਮ ਨਾਲ ਬਰਾਬਰੀ ਲਈ ਸਾਹੋ-ਸਾਹੀ ਹੋਇਆ ਭਾਰਤ