ਸਾਬਕਾ ਚੈਂਪੀਅਨ ਪੀਵੀ ਸਿੰਧੂ ਤੇ ਕਿਦਾਂਬੀ ਸ੍ਰੀਕਾਂਤ ਨੇ ਵੱਖੋ-ਵੱਖਰੇ ਅੰਦਾਜ਼ ਵਿੱਚ ਜਿੱਤਾਂ ਦਰਜ ਕਰ ਕੇ ਅੱਜ ਇੱਥੇ ਚਾਈਨਾ ਓਪਨ ਵਿਸ਼ਵ ਟੂਰ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਓਲੰਪਿਕ ਚਾਂਦੀ ਤਗ਼ਮਾ ਜੇਤੂ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੰਗਫਾਨ ਨੂੰ ਆਸਾਨੀ ਨਾਲ 21-12, 21-15 ਨਾਲ ਹਰਾਇਆ। ਸ੍ਰੀਕਾਂਤ ਨੇ ਪੁਰਸ਼ ਸਿੰਗਲਜ਼ ਵਿੱਚ ਤਿੰਨ ਗੇਮਜ਼ ਤੱਕ ਚੱਲੇ ਮੈਚ ਵਿੱਚ ਇੰਡੋਨੇਸ਼ੀਆ ਦੇ ਟਾਮੀ ਸੁਗਿਯਾਰਤੋ ਨੂੰ 10-21, 21-9, 21-9 ਨਾਲ ਹਰਾਇਆ। ਤੀਜਾ ਦਰਜਾ ਪ੍ਰਾਪਤ ਸਿੰਧੂ ਦਾ ਅਗਲਾ ਮੁਕਾਬਲਾ ਅੱਠਵਾਂ ਦਰਜਾ ਪ੍ਰਾਪਤ ਬਿੰਗਜਿਆਓ ਨਾਲ ਹੋਵੇਗਾ ਜਿਸ ਤੋਂ ਉਸ ਨੂੰ ਸਖ਼ਤ ਚੁਣੌਤੀ ਮਿਲ ਸਕਦੀ ਹੈ। ਸਿੰਧੂ ਚੀਨ ਦੀ ਵਿਸ਼ਵ ਵਿੱਚ ਸੱਤਵੇਂ ਨੰਬਰ ਦੀ ਖਿਡਾਰਨ ਤੋਂ ਇਸ ਤੋਂ ਪਹਿਲਾਂ ਦੋਵੇਂ ਮੁਕਾਬਲਿਆਂ ਵਿੱਚ ਹਾਰ ਗਈ ਸੀ, ਇਸ ਵਾਸਤੇ ਭਾਰਤੀ ਖਿਡਾਰਨ ਭਲਕੇ ਬਦਲਾ ਲੈਣ ਲਈ ਮੈਦਾਨ ’ਚ ਉਤਰੇਗੀ।
ਸਿੰਧੂ ਨੇ 2016 ਵਿੱਚ ਇੱਥੇ ਖਿਤਾਬ ਜਿੱਤਿਆ ਸੀ। ਪਿਛਲੇ ਸੈਸ਼ਨ ਵਿੱਚ ਮਾਂਸਪੇਸ਼ੀਆਂ ਵਿੱਚ ਖਿਚਾਅ ਕਰ ਕੇ ਇਸ ਮੁਕਾਬਲੇ ਵਿੱਚ ਭਾਗ ਨਾ ਲੈ ਸਕਣ ਵਾਲੇ ਸ੍ਰੀਕਾਂਤ ਨੇ ਪੁਰਸ਼ ਸਿੰਗਲਜ਼ ਵਿੰਚ 45 ਮਿੰਟ ਵਿੱਚ ਜਿੱਤ ਦਰਜ ਕੀਤੀ। ਗੁੰਟੂਰ ਦੇ ਰਹਿਣ ਵਾਲੇ 25 ਸਾਲਾ ਸ੍ਰੀਕਾਂਤ ਨੇ 2014 ’ਚ ਚਾਈਨਾ ਓਪਨ ਦਾ ਖ਼ਿਤਾਬ ਜਿੱਤਿਆ ਸੀ। ਉਸ ਨੇ ਹੁਣ ਤਾਇਵਾਨ ਦੇ ਚੋਊ ਟਿਐਨ ਚੇਨ ਦਾ ਸਾਹਮਣਾ ਕਰਨਾ ਹੈ ਜਿਸ ਨੇ ਇਸ ਸਾਲ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਵਿਸ਼ਵ ’ਚ ਨੌਵੇਂ ਨੰਬਰ ਦਾ ਸ੍ਰੀਕਾਂਤ ਪਿਛਲੇ ਤਿੰਨ ਸਾਲਾਂ ’ਚ ਦੋ ਵਾਰ ਚੇਨ ਤੋਂ ਹਾਰਿਆ ਹੈ। ਭਾਰਤੀ ਖਿਡਾਰੀ ਸਿਰਫ ਇਕ ਵਾਰ 2014 ਹਾਂਗਕਾਂਗ ਓਪਨ ’ਚ ਚੇਨ ਨੂੰ ਹਰਾ ਸਕਿਆ ਹੈ
Sports ਬੈਡਮਿੰਟਨ: ਸਿੰਧੂ ਤੇ ਸ੍ਰੀਕਾਂਤ ਚਾਈਨਾ ਓਪਨ ਦੇ ਕੁਆਰਟਰ ਫਾਈਨਲ ’ਚ