ਬੈਡਮਿੰਟਨ: ਕਸ਼ਿਅਪ ਦਾ ਹਾਂਗਕਾਂਗ ਓਪਨ ਵਿੱਚ ਜੇਤੂ ਆਗਾਜ਼

ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪਾਰੂਪੱਲੀ ਕਸ਼ਿਅਪ ਨੇ ਹਾਂਗਕਾਂਗ ਵਿਸ਼ਵ ਟੂਰ ਸੁਪਰ-500 ਟੂਰਨਾਮੈਂਟ ਵਿੱਚ ਅੱਜ ਇੱਥੇ ਆਪਣੀ ਮੁਹਿੰਮ ਦੀ ਚੰਗੀ ਸ਼ੁਰੂਆਤ ਕਰਦਿਆਂ ਕੁਆਲੀਫਾਈਂਗ ਰਾਊਂਡ ਵਿੱਚ ਚੀਨੀ ਤਾਇਪੈ ਦੇ ਸੂ ਜੇਨ ਹਾਓ ਨੂੰ ਹਰਾਇਆ। ਪਿਛਲੇ ਕੁੱਝ ਸਾਲਾਂ ਵਿੱਚ ਸੱਟਾਂ ਤੋਂ ਪ੍ਰੇਸ਼ਾਨ ਰਹੇ ਕਸ਼ਿਅਪ ਨੇ ਹਾਓ ਨੂੰ ਇੱਕ ਘੰਟੇ ਅਤੇ ਤਿੰਨ ਮਿੰਟ ਚੱਲੇ ਮੁਕਾਬਲੇ ਵਿੱਚ 21-7, 12-21, 21-18 ਨਾਲ ਹਰਾਇਆ। ਮੁੱਖ ਡਰਾਅ ਵਿੱਚ ਥਾਂ ਬਣਾਉਣ ਲਈ ਹੁਣ ਕਸ਼ਿਅਪ ਦਾ ਸਾਹਮਣਾ ਸੱਤਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਐਂਥਨੀ ਸਿਨਿਸੁਕਾ ਨਾਲ ਹੋਵੇਗਾ।
ਇਸੇ ਤਰ੍ਹਾਂ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਅਸ਼ਵਿਨੀ ਪੋਨੱਪਾ ਦੀ ਮਿਕਸਡ ਡਬਲਜ਼ ਜੋੜੀ ਨੇ ਮੁੱਖ ਡਰਾਅ ਵਿੱਚ ਪਹਿਲੇ ਗੇੜ ਦੇ ਸਖ਼ਤ ਮੁਕਾਬਲੇ ਵਿੱਚ ਵੈਂਗ ਚੀ ਲਿਨ ਅਤੇ ਲੀ ਚਿਆ ਸਿਨ ਦੀ ਚੀਨੀ ਤਾਇਪੈ ਦੀ ਜੋੜੀ ਨੂੰ 21-16, 19-21, 21-14 ਨਾਲ ਹਰਾਇਆ। ਸਾਤਵਿਕ ਅਤੇ ਅਸ਼ਵਿਨੀ ਅਗਲੇ ਗੇੜ ਵਿੱਚ ਵੀ ਲੀ ਯਾਂਗ ਅਤੇ ਸੂ ਯਾ ਚਿੰਗ ਦੀ ਚੀਨੀ ਤਾਇਪੈ ਦੀ ਜੋੜੀ ਨਾਲ ਭਿੜਨਗੇ। ਦੁਨੀਆਂ ਦੇ ਛੇਵੇਂ ਨੰਬਰ ਦਾ ਖਿਡਾਰੀ ਰਹਿ ਚੁੱਕਿਆ ਕਸ਼ਿਅਪ ਗੋਡੇ ਦੀ ਸੱਟ ਕਾਰਨ ਰੀਓ ਓਲੰਪਿਕ 2016 ਦਾ ਸੁਪਨਾ ਟੁੱਟਣ ਮਗਰੋਂ ਤੋਂ ਹੀ ਆਪਣੀਆਂ ਸੱਟਾਂ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹੈ ਅਤੇ ਲੈਅ ਹਾਸਲ ਕਰਨ ਲਈ ਜੂਝ ਰਿਹਾ ਹੈ। ਕਸ਼ਿਅਪ ਨੇ ਆਸਟਰੀਆ ਚੈਲੰਜਰ ਜਿੱਤ ਕੇ ਸੈਸ਼ਨ ਦੀ ਚੰਗੀ ਸ਼ੁਰੂਆਤ ਕੀਤੀ, ਪਰ ਉਸ ਨੂੰ ਫਿਰ ਸੱਟਾਂ ਦਾ ਸਾਹਮਣਾ ਕਰਨਾ ਪਿਆ।
ਉਸ ਨੇ ਕਿਹਾ, ‘‘ਸੱਟਾਂ ਕਾਰਨ ਪਿਛਲੇ ਕੁੱਝ ਸਾਲ ਮੁਸ਼ਕਲ ਰਹੇ ਹਨ। ਇਸ ਸਾਲ ਆਸਟਰੀਆ ਓਪਨ ਮਗਰੋਂ ਪੈਰ ’ਤੇ ਸੱਟ ਲੱਗ ਗਈ ਸੀ, ਜਿਸ ਨੂੰ ਠੀਕ ਹੋਣ ਵਿੱਚ ਦੋ ਮਹੀਨੇ ਲੱਗੇ। ਇਸ ਦੌਰਾਨ ਮੈਂ ਲਗਪਗ ਚਾਰ ਟੂਰਨਾਮੈਂਟ ਨਹੀਂ ਖੇਡ ਸਕਿਆ।’’ ਸੱਟ ਠੀਕ ਹੋਣ ਮਗਰੋਂ ਕਸ਼ਿਅਪ ਥਾਈਲੈਂਡ ਓਪਨ ਵਿੱਚ ਖੇਡਿਆ, ਪਰ ਫਿਰ ਉਸ ਨੂੰ ਇੱਕ ਹੋਰ ਸੱਟ ਲੱਗਣ ਕਾਰਨ ਤਿੰਨ ਮਹੀਨੇ ਲਈ ਆਰਾਮ ਕਰਨਾ ਪਿਆ।