ਸ਼ਹਿਰ ਵਿੱਚ ਨਜਾਇਜ ਉਸਾਰੀਆਂ ਖ਼ਿਲਾਫ਼ ਨਗਰ ਨਿਗਮ ਤੋਂ ਬਾਅਦ ਬੀ.ਡੀ.ਏ. ਵੀ ਆਪਣਾ ਰੰਗ ਦਿਖ਼ਾਉਣ ਲੱਗ ਪਿਆ ਹੈ। ਅੱਜ ਸਵੇਰੇ ਪੁੱਡਾ ਅਧੀਨ ਬਠਿੰਡਾ ਵਿਕਾਸ ਅਥਾਰਟੀ (ਬੀਡੀਏ) ਦੀ ਟੀਮ ਨੇ ਧੋਬੀਆਣਾ ਰੋਡ ਅਤੇ ਮਾਡਲ ਟਾਊਨ ਫੇਜ਼-3 ਦੇ ਗੇਟ ਨਜ਼ਦੀਕ ਇੱਕ ਖਾਲੀ ਪਲਾਟ ‘ਚ ਕੁੱਝ ਲੋਕਾਂ ਵੱਲੋਂ ਛੋਟੇ ਛੋਟੇ ਘਰ ਬਣਾ ਕੀਤੇ ਗਏ ਕਬਜ਼ਿਆਂ ਨੂੰ ਢਾਹ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ‘ਚ ਬੀਡੀਏ ਅਧਿਕਾਰੀ ਮੌਜੂਦ ਸਨ, ਉਥੇ ਹੀ ਵੱਡੀ ਗਿਣਤੀ ਪੁਲੀਸ ਵੀ ਮੌਜੂਦ ਸੀ। ਇਹ ਕਾਰਵਾਈ ਕਈ ਘੰਟੇ ਚੱਲੀ। ਜਦੋਂਕਿ ਬੇਘਰ ਹੋਏ ਲੋਕ ਮੁਸ਼ਕਿਲਾਂ ‘ਚ ਫਸੇ ਦਿਖਾਈ ਦਿੱਤੇ। ਕੁਝ ਲੋਕ ਆਪਣੇ ਘਰਾਂ ਦੇ ਢਹਿਣ ‘ਤੇ ਹੰਝੂ ਵਹਾਉਂਦੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਮਾਡਲ ਟਾਊਨ ਫੇਜ਼-3 ਦੇ ਗੇਟ ਨਜ਼ਦੀਕ ਇੱਕ ਖਾਲੀ ਜਗ੍ਹਾ ਵਿੱਚ ਕੁੱਝ ਲੋਕਾਂ ਨੇ ਕਈ ਸਾਲਾਂ ਤੋਂ ਨਾਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਸਨ। ਅੱਜ ਸਵੇਰੇ ਥਾਣਾ ਸਿਵਲ ਲਾਈਨ ਵਿੱਚ ਪਹਿਲਾਂ ਪੁਲੀਸ ਮੁਲਾਜ਼ਮ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਇਸ ਤੋਂ ਬਾਅਦ ਬੀਡੀਏ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਪੁਲੀਸ ਦੀ ਮਦਦ ਨਾਲ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ। ਇਹ ਕਾਰਵਾਈ ਸਟੇਟ ਅਫ਼ਸਰ ਉਦੈਦੀਪ ਸਿੰਘ ਸਿੱਧੁੂ ਦੀ ਅਗਵਾਈ ਵਿੱਚ ਕੀਤੀ ਗਈ। ਇਹ ਕਾਰਵਾਈ ਦੁਪਹਿਰ ਤਕ ਜਾਰੀ ਰਹੀ। ਬੇਘਰ ਹੋਏ ਰਘਬੀਰ ਸਿੰਘ ਨੇ ਆਪਣੀ ਵਿਥਿਆ ਸੁਣਾਉਂਦਿਆਂ ਕਿਹਾ ਕਿ ਉਹ 30 ਸਾਲਾਂ ਤੋਂ ਇਥੇ ਰਹਿ ਰਿਹਾ ਸੀ। ਉਸ ਸਮੇਤ ਲੱਗਪਗ 10 ਪਰਿਵਾਰ ਇੱਥੇ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੇ ਸਨ। ਉਨ੍ਹਾਂ ਕਿ ਉਨ੍ਹਾਂ ਨੂੰ ਕਾਰਵਾਈ ਤੋਂ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਸ ਨੇ ਦੱਸਿਆ ਕਿ ਅਚਾਨਕ ਹੋਈ ਕਾਰਵਾਈ ਤੋਂ ਬਾਅਦ ਉਹ ਬੇਘਰ ਹੋ ਗਿਆ ਹੈ ਤੇ ਠੰਢ ਦੇ ਦਿਨਾਂ ਵਿੱਚ ਉਹ ਕਿਧਰ ਜਾਏ ਉਸ ਨੂੰ ਕੁਝ ਸਮਝ ਨਹੀਂ ਆ ਰਹੀ। ਮੁਹੰਮਦ ਨਜ਼ੀਰ(30) ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਹ ਮਲੇਰਕੋਟਲਾ ਤੋਂ ਆ ਕੇ ਕਈ ਸਾਲਾਂ ਤੋਂ ਇਥੇ ਰਹਿ ਰਹੇ ਸਨ। ਸਰਕਾਰਾਂ ਲੋਕਾਂ ਨੂੰ ਵਸਾਉਂਦੀਆਂ ਹਨ ਪਰ ਉਨ੍ਹਾਂ ਉਜਾੜਿਆ ਜਾ ਰਿਹਾ ਹੈ। ਉਹ ਹੁਣ ਕਿੱਥੇ ਜਾਣਗੇ। ਬੀਡੀਏ ਅਧਿਕਾਰੀ ਬਲਵਿੰਦਰ ਸਿੰਘ, ਸੁਖਪਾਲ ਸਿੰਘ ਅਨੁਸਾਰ ਬੀਡੀਏ ਦੁਆਰਾ ਉਕਤ 1.23 ਏਕੜ ਜਗ੍ਹਾਂ ਦੀ ਚਾਰ ਦੀਵਾਰੀ ਕੀਤੀ ਹੋਈ ਸੀ, ਪਰ ਕੁੱਝ ਵਿਅਕਤੀਆਂ ਨੇ ਇਥੇ ਘਰ ਬਣਾ ਕੇ ਨਾਜਾਇਜ਼ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕਿਹਾ ਇਨ੍ਹਾਂ ਲੋਕਾਂ ਨੂੰ ਕਬਜ਼ਾ ਹਟਾਉਣ ਲਈ ਕਈ ਵਾਰ ਕਿਹਾ ਗਿਆ ਪਰ ਉਨ੍ਹਾਂ ਕਬਜ਼ੇ ਨਹੀਂ ਹਟਾਏ। ਇਸ ਲਈ ਅੱਜ ਪੁਲੀਸ ਨੂੰ ਨਾਲ ਲੈ ਕੇ ਬੀਡੀਏ ਨੇ ਇਹ ਕਬਜ਼ੇ ਹਟਾ ਦਿੱਤੇ।
Uncategorized ਬਠਿੰਡਾ ਵਿਕਾਸ ਅਥਾਰਿਟੀ ਨੇ ਨਾਜਾਇਜ਼ ਉਸਾਰੀਆਂ ਢਾਹੀਆਂ