ਸਟਾਰ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਅੱਜ 65 ਕਿੱਲੋਗਰਾਮ ਭਾਰ ਵਰਗ ਵਿੱਚ ਸਿਖਰਲੀ ਵਿਸ਼ਵ ਰੈਂਕਿੰਗ ਹਾਸਲ ਕਰ ਲਈ ਹੈ। ਇਸ ਸੈਸ਼ਨ ਵਿੱਚ ਪੰਜ ਤਗ਼ਮੇ ਜਿੱਤਣ ਵਾਲਾ 24 ਸਾਲਾ ਬਜਰੰਗ ਯੂਡਬਲਿਊਡਬਲਿਊ ਦੀ ਸੂਚੀ ਵਿੱਚ 96 ਅੰਕਾਂ ਨਾਲ ਰੈਂਕਿੰਗ ਸੂਚੀ ਵਿੱਚ ਸਿਖ਼ਰ ’ਤੇ ਚੱਲ ਰਿਹਾ ਹੈ।
ਇਸ ਸਾਲ ਬਜਰੰਗ ਨੇ ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮੇ ਜਿੱਤਣ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਬਜਰੰਗ ਲਈ ਇਹ ਸੈਸ਼ਨ ਸ਼ਾਨਦਾਰ ਰਿਹਾ ਅਤੇ ਉਹ ਬੁਡਾਪੇਸਟ ਵਿਸ਼ਵ ਚੈਂਪੀਅਨਸ਼ਿਪ ਵਿੱਚ ਦਰਜਾ ਹਾਸਲ ਕਰਨ ਵਾਲਾ ਇਕਮਾਤਰ ਭਾਰਤੀ ਪਹਿਲਵਾਨ ਰਿਹਾ ਸੀ।
ਬਜਰੰਗ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਰ ਅਥਲੀਟ ਆਪਣੇ ਕਰੀਅਰ ਵਿੱਚ ਦੁਨੀਆਂ ਦਾ ਨੰਬਰ ਇਕ ਬਣਨ ਦਾ ਸੁਪਨਾ ਦੇਖਦਾ ਹੈ। ਜੇਕਰ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਦੇ ਨਾਲ ਨੰਬਰ ਇਕ ਬਣਦਾ ਤਾਂ ਇਹ ਬਿਹਤਰ ਹੋਣਾ ਸੀ। ਉਸ ਨੇ ਕਿਹਾ ਉਹ ਸਖ਼ਤ ਮਿਹਨਤ ਕਰ ਰਿਹ ਹੈ ਅਤੇ ਅਗਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਦੇ ਸੋਨ ਤਗ਼ਮੇ ਦੇ ਨਾਲ ਦੁਨੀਆਂ ਦੀ ਨੰਬਰ ਇਕ ਰੈਂਕਿੰਗ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ।
ਉਸ ਨੇ ਦੂਜੇ ਸਥਾਨ ’ਤੇ ਮੌਜੂਦ ਕਿਊਬਾ ਦੇ ਐਲੇਜੈਂਦਰੋ ਐਨਰਿਕ ਵਲੇਡਸ ਟੋਬੀਅਰ (66 ਅੰਕ) ’ਤੇ ਮਜ਼ਬੂਤੀ ਨਾਲ ਸ਼ਿਕੰਜਾ ਕੱਸਿਆ ਹੋਇਆ ਹੈ। ਬਜਰੰਗ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਕਰੀਬੀ ਸੈਮੀ ਫਾਈਨਲ ਵਿੱਚ ਟੋਬੀਅਰ ਨੂੰ ਹਰਾਇਆ ਸੀ। ਰੂਸ ਦੇ ਅਖ਼ਮੈਦ ਚਾਕੇਵ (62) ਤੀਜੇ ਜਦੋਂਕਿ ਨਵਾਂ ਵਿਸ਼ਵ ਚੈਂਪੀਅਨ ਤਾਕੁਤੋ ਓਟੋਗੁਰੋ (56) ਚੌਥੇ ਸਥਾਨ ’ਤੇ ਹੈ। ਉਪਰੋਕਤ ਤੋਂ ਬਾਅਦ ਤੁਰਕੀ ਦੇ ਸੇਲਾਹਤਿਨ ਕਿਲਿਸਾਲਯਾਨ (50) ਦਾ ਨੰਬਰ ਆਉਂਦਾ ਹੈ।
ਬਜਰੰਗ ਦੇਸ਼ ਦਾ ਇਕਮਾਤਰ ਪੁਰਸ਼ ਪਹਿਲਵਾਨ ਹੈ ਜਿਸ ਨੂੰ ਰੈਂਕਿੰਗ ਵਿੱਚ ਸਿਖਰਲੇ ਦਸ ’ਚ ਜਗ੍ਹਾ ਮਿਲੀ ਹੈ ਜਦੋਂਕਿ ਭਾਰਤ ਦੀਆਂ ਪੰਜ ਮਹਿਲਾ ਪਹਿਲਵਾਨ ਆਪਣੇ ਆਪਣੇ ਵਰਗ ਵਿੱਚ ਸਿਖ਼ਰਲੇ 10 ’ਚ ਜਗ੍ਹਾ ਬਣਾਉਣ ’ਚ ਸਫ਼ਲ ਰਹੀਆਂ ਹਨ। ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗ਼ਮਾ ਜਿੱਤਣ ਵਾਲੀ ਸਿਰਫ ਚੌਥੀ ਭਾਰਤੀ ਮਹਿਲਾ ਪਹਿਲਵਾਨ ਬਣੀ ਪੂਜਾ ਢਾਂਡਾ ਮਹਿਲਾਵਾਂ ਦੇ 57 ਕਿੱਲੋ ਭਾਰ ਵਰਗ ’ਚ 52 ਅੰਕਾਂ ਨਾਲ ਛੇਵੇਂ ਸਥਾਨ ’ਤੇ ਹੈ। ਉਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਰਿਤੂ ਫੋਗਾਟ ਮਹਿਲਾਵਾਂ ਦੇ 50 ਕਿੱਲੋ ਭਾਰ ਵਰਗ ਵਿੱਚ 33 ਅੰਕਾਂ ਨਾਲ 10ਵੇਂ ਸਥਾਨ ’ਤੇ ਹੈ। ਸਰਿਤਾ ਮੋਰ 59 ਕਿੱਲੋ ਭਾਰ ਵਰਗ ’ਚ 29 ਅੰਕਾਂ ਨਾਲ ਸੱਤਵੇਂ ਅਤੇ ਨਵਜੋਤ ਕੌਰ (32) ਅਤੇ ਕਿਰਨ (37) ਕ੍ਰਮਵਾਰ 68 ਤੇ 76 ਕਿੱਲੋ ਭਾਰ ਵਰਗ ਵਿੱਚ ਨੌਵੇਂ ਸਥਾਨ ’ਤੇ ਕਾਬਜ਼ ਹਨ।
Sports ਬਜਰੰਗ 65 ਕਿੱਲੋ ਭਾਰ ਵਰਗ ’ਚ ਦੁਨੀਆਂ ਦਾ ਨੰਬਰ ਇਕ ਪਹਿਲਵਾਨ