ਪੰਜਾਬ ਨੇ ਚੰਡੀਗੜ੍ਹ ਨੂੰ 3-1 ਗੋਲਾਂ ਨਾਲ ਹਰਾਇਆ

ਮੌਜੂਦਾ ਚੈਂਪੀਅਨ ਹਾਕੀ ਪੰਜਾਬ ਨੇ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਨੌਵੀਂ ਸੀਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਵਿੱਚ ਅੱਜ ਹਾਕੀ ਚੰਡੀਗੜ੍ਹ ਨੂੰ 3-1 ਗੋਲਾਂ ਨਾਲ ਹਰਾਇਆ। ਹਾਕੀ ਪੰਜਾਬ ਨੇ ਪੂਲ ‘ਏ’ ਦੇ ਇੱਥੇ ਮੱਧ ਪ੍ਰਦੇਸ਼ ਹਾਕੀ ਅਕੈਡਮੀ ਵਿੱਚ ਖੇਡੇ ਗਏ ਇਸ ਮੈਚ ਵਿੱਚ ਚੰਡੀਗੜ੍ਹ ਨੂੰ ਹਰਾ ਕੇ ਟੂਰਨਾਮੈਂਟ ਵਿੱਚ ਤੀਜੀ ਜਿੱਤ ਦਰਜ ਕੀਤੀ। ਪੰਜਾਬ ਲਈ ਸੁਖਦੇਵ ਸਿੰਘ (ਦੂਜੇ ਮਿੰਟ), ਰਮਨਦੀਪ ਸਿੰਘ (25ਵੇਂ ਮਿੰਟ) ਅਤੇ ਰੁਪਿੰਦਰਪਾਲ ਸਿੰਘ (42ਵੇਂ ਮਿੰਟ) ਨੇ ਗੋਲ ਕੀਤੇ, ਜਦਕਿ ਚੰਡੀਗੜ੍ਹ ਵੱਲੋਂ ਇੱਕੋ-ਇੱਕ ਗੋਲ ਅਰਸ਼ਦੀਪ ਸਿੰਘ (11ਵੇਂ ਮਿੰਟ) ਨੇ ਦਾਗ਼ਿਆ।
ਟੂਰਨਾਮੈਂਟ ਦੇ ਚੌਥੇ ਦਿਨ ਰੇਲਵੇ ਖੇਡ ਪ੍ਰੋਮੋਸ਼ਨ ਬੋਰਡ (ਆਰਐੱਸਪੀਬੀ), ਮੁੰਬਈ ਹਾਕੀ ਸੰਘ ਲਿਮਟਿਡ, ਹਾਕੀ ਗੰਗਪੁਰ-ਉੜੀਸਾ, ਪੈਟਰੋਲੀਅਮ ਖੇਡ ਪ੍ਰੋਮੋਸ਼ਨ ਬੋਰਡ (ਪੀਐੱਸਪੀਬੀ), ਏਅਰ ਇੰਡੀਆ ਖੇਡ ਪ੍ਰੋਮੋਸ਼ਨ ਬੋਰਡ, ਹਾਕੀ ਹਰਿਆਣਾ ਅਤੇ ਹਾਕੀ ਕਰਨਾਟਕ ਨੇ ਵੀ ਆਪੋ-ਆਪਣੇ ਪੂਲ ਮੈਚਾਂ ਵਿੱਚ ਜਿੱਤ ਦਰਜ ਕੀਤੀ। ਪੂਲ ‘ਏ’ ਮੈਚ ਵਿੱਚ ਮੁੰਬਈ ਨੇ ਭਾਰਤੀ ਯੂਨੀਵਰਸਿਟੀਆਂ ਦੇ ਸੰਘ ਨੂੰ 3-1 ਗੋਲਾਂ ਨਾਲ ਹਰਾਇਆ। ਪੀਐਸਪੀਬੀ ਨੇ ਪੂਲ ‘ਬੀ’ ਮੈਚ ਵਿੱਚ ਕੈਗ ਨੂੰ 5-0 ਗੋਲ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਇਸੇ ਪੂਲ ਦੇ ਇੱਕ ਹੋਰ ਮੈਚ ਵਿੱਚ ਹਾਕੀ ਹਰਿਆਣਾ ਨੇ ਹਾਕੀ ਭੋਪਾਲ ਨੂੰ 4-1 ਗੋਲ ਨਾਲ ਮਾਤ ਦਿੱਤੀ।
ਆਰਐੱਸਪੀਬੀ ਨੇ ਪੂਲ ‘ਸੀ’ ਦੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੂੰ 1-0 ਗੋਲ ਨਾ ਮਾਤ ਦੇ ਕੇ ਤੀਜੀ ਜਿੱਤ ਦਰਜ ਕੀਤੀ। ਇਸ ਪੂਲ ਦੇ ਦੂਜੇ ਮੈਚ ਵਿੱਚ ਹਾਕੀ ਗੰਗਪੁਰ ਉੜੀਸਾ ਨੇ ਉਤਰ ਪ੍ਰਦੇਸ਼ ਹਾਕੀ ਨੂੰ ਉਤਰਾਅ-ਚੜ੍ਹਾਅ ਭਰੇ ਮੈਚ ਵਿੱਚ 4-3 ਨਾਲ ਸ਼ਿਕਸਤ ਦਿੱਤੀ। ਪੂਲ ‘ਡੀ’ ਦੇ ਮੈਚ ਵਿੱਚ ਏਅਰ ਇੰਡੀਆ ਖੇਡ ਪ੍ਰੋਮੋਸ਼ਨ ਬੋਰਡ ਨੇ ਹਾਕੀ ਉੜੀਸਾ ਨੂੰ 6-3 ਨਾਲ ਚਿੱਤ ਕੀਤਾ। ਪੂਲ ਦੇ ਹੋਰ ਮੈਚ ਵਿੱਚ ਹਾਕੀ ਕਰਨਾਟਕ ਨੇ ਨਾਮਧਾਰੀ ਇਲੈਵਨ ਨੂੰ 3-2 ਨਾਲ ਹਰਾ ਕੇ ਦੂਜੀ ਜਿੱਤ ਦਰਜ ਕੀਤੀ। ਕਰਨਾਟਕਾ ਲਈ ਕਪਤਾਨ ਵੀਆਰ ਰਘੂਨਾਥ (20ਵੇਂ ਮਿੰਟ), ਕੇਆਰ ਭਰਤ (45ਵੇਂ ਮਿੰਟ) ਅਤੇ ਐਸਕ ਉਥੱਪਾ (60ਵੇਂ ਮਿੰਟ), ਜਦੋਂਕਿ ਨਾਮਧਾਰੀ ਇਲੈਵਨ ਲਈ ਹਰਪਾਲ ਸਿੰਘ (24ਵੇਂ ਮਿੰਟ) ਅਤੇ ਲਵਪ੍ਰੀਤ ਸਿੰਘ (40ਵੇਂ) ਵਿੱਚ ਗੋਲ ਕੀਤੇ।