ਪੰਜਾਬ ਦੇ ਨਿਸ਼ਾਨੇਬਾਜ਼ਾਂ ਨੇ 62ਵੀਂ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਵੱਖ-ਵੱਖ ਮੁਕਾਬਲਿਆਂ ’ਚ 38 ਤਗ਼ਮੇ ਜਿੱਤੇ ਹਨ। ਇਨ੍ਹਾਂ ਵਿੱਚ 14 ਸੋਨ, ਨੌਂ ਚਾਂਦੀ ਅਤੇ 15 ਕਾਂਸੀ ਤਗ਼ਮੇ ਹਨ। ਪੰਜਾਬ ਨੇ ਵਿਅਕਤੀਗਤ ਵਰਗ ਵਿੱਚ 22 ਤਗ਼ਮੇ (11 ਸੋਨੇ, ਤਿੰਨ ਚਾਂਦੀ ਅਤੇ ਅੱਠ ਕਾਂਸੀ) ਜਿੱਤੇ। ਅੰਜੁਮ ਮੋਦਗਿੱਲ, ਜੈਸਮੀਨ ਕੌਰ, ਚਾਹਤਦੀਪ ਕੌਰ, ਵੰਸ਼ਿਕਾ, ਫਤਹਿ ਢਿੱਲੋਂ ਅਤੇ ਅਰਜੁਨ ਚੀਮਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।
ਬੀਤੇ ਦਿਨੀਂ ਤਿਰੁਵੰਤਪੁਰਮ (ਕੇਰਲ) ਵਿੱਚ ਹੋਏ ਕੌਮੀ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਇਫਲ ਸ਼ੂਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਵਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਪੰਜਾਬ ਦੇ ਨਿਸ਼ਾਨਚੀਆਂ ਅੰਜੁਮ ਮੋਦਗਿੱਲ ਨੇ ਏਅਰ ਰਾਇਫਲ (ਸੀਨੀਅਰ) ਦੇ 50 ਮੀਟਰ ਪਰੋਨ, 50 ਮੀਟਰ ਥ੍ਰੀ ਪੁਜ਼ੀਸ਼ਨ ਅਤੇ 10 ਮੀਟਰ (ਸੀਨੀਅਰ ਸਿਵਿਲੀਅਨ) ’ਚ ਸੋਨ ਤਗ਼ਮੇ ਜਿੱਤੇ। ਜੈਸਮੀਨ ਕੌਰ ਨੇ 10 ਮੀਟਰ ਰਾਇਫਲ (ਸ.ਸ.) ਤੇ 10 ਮੀਟਰ ਏਅਰ ਰਾਇਫਲ (ਜੂਨੀਅਰ) ’ਚ ਸੋਨੇ, 10 ਮੀਟਰ ਰਾਇਫਲ (ਸੀਨੀਅਰ) ’ਚ ਚਾਂਦੀ ਅਤੇ 10 ਮੀਟਰ (ਜੂਨੀਅਰ) ’ਚ ਕਾਂਸੀ ਦਾ ਤਗ਼ਮਾ ਜਿੱਤਿਆ। ਚਾਹਤਦੀਪ ਕੌਰ ਨੇ ਇੱਕ ਸੋਨਾ ਤੇ ਇੱਕ ਚਾਂਦੀ ਜਿੱਤੀ। ਜਸਪ੍ਰੀਤ ਕੌਰ ਨੂੰ ਕਾਂਸੀ ਤਗ਼ਮਾ ਮਿਲੀ।
ਵੰਸ਼ਿਕਾ ਸ਼ਾਹੀ ਨੇ 50 ਮੀਟਰ ਥ੍ਰੀ-ਪੀ ’ਚ ਦੋ ਸੋਨੇ ਤੇ ਇੱਕ ਕਾਂਸੀ ਦਾ ਤਗ਼ਮਾ ਹਾਸਲ ਕੀਤਾ। 25 ਮੀਟਰ ਸਪੋਰਟਸ ਪਿਸਟਲ (ਸ. ਸ.) ’ਚ ਸਬ ਇੰਸਪੈਕਟਰ ਰੂਬੀ ਤੋਮਰ ਨੇ ਸੋਨਾ ਅਤੇ ਜਸਪ੍ਰੀਤ ਕੌਰ ਨੇ ਕਾਂਸੀ ਜਿੱਤੀ। ਫਤਿਹ ਢਿੱਲੋਂ ਨੇ 50 ਮੀਟਰ ’ਚ ਦੋ ਕਾਂਸੀ ਤਗ਼ਮੇ ਜਿੱਤੇ। ਸਰਤਾਜ ਸਿੰਘ ਟਿਵਾਣਾ ਨੇ 50 ਮੀਟਰ ਦੇ ਸੀਨੀਅਰ ਵਰਗ ਵਿੱਚ ਚਾਂਦੀ ਅਤੇ ਜੂਨੀਅਰ ਵਰਗ ’ਚ ਕਾਂਸੀ ਹਾਸਲ ਕੀਤੀ। ਅਰਜੁਨ ਚੀਮਾ ਨੇ 50 ਮੀਟਰ ਵਿੱਚ ਦੋ ਸੋਨੇ ਅਤੇ 10 ਮੀਟਰ ’ਚ ਕਾਂਸੀ ਦਾ ਤਗ਼ਮਾ ਫੁੰਡਿਆ।
ਐਸੋਸੀਏਸ਼ਨ ਦੇ ਸਕੱਤਰ ਜਨਰਲ ਨੇ ਟੀਮ ਈਵੈਂਟਾਂ ਦੇ ਨਤੀਜਿਆਂ ਬਾਰੇ ਦੱਸਿਆ ਕਿ ਟੀਮ ਇਵੈਂਟ ਦੇ 50 ਮੀਟਰ ਪਰੋਨ (ਸੀਨੀਅਰ) ਮਹਿਲਾ ਵਰਗ ’ਚ ਅੰਜੁਮ ਮੋਦਗਿੱਲ, ਚਾਹਤਦੀਪ ਕੌਰ ਅਤੇ ਜਸਲੀਨ ਕੌਰ ਨੇ ਸੋਨ ਤਗ਼ਮਾ ਜਿੱਤਿਆ। ਇਸੇ ਤਰ੍ਹਾਂ 50 ਮੀਟਰ ਪਰੋਨ (ਜੂ. ਸ.) ’ਚ ਵੰਸ਼ਿਕਾ ਸ਼ਾਹੀ, ਪਰਮਪ੍ਰੀਤ ਕੌਰ ਅਤੇ ਸਿਫਤ ਕੌਰ ਸਮਰਾ ਨੇ ਕਾਂਸੀ ਤਗ਼ਮਾ ਜਿੱਤਿਆ। ਜਦੋਂ ਇਨ੍ਹਾਂ ਤਿੰਨੇ ਨਿਸ਼ਾਨੇਬਾਜਾਂ ਨੇ ਹੀ 50 ਮੀਟਰ ਥ੍ਰੀ-ਪੀ (ਜੂ. ਸ.) ’ਚ ਵੀ ਚਾਂਦੀ ਤਗ਼ਮਾ ਜਿੱਤਿਆ। 50 ਮੀਟਰ ਪਰੋਨ (ਸੀਨੀਅਰ ਸਿਵਿਲੀਅਨ) ’ਚ ਚਾਹਤਦੀਪ ਕੌਰ, ਜਸਲੀਨ ਕੌਰ ਅਤੇ ਪਰਮਪ੍ਰੀਤ ਕੌਰ ਨੇ ਚਾਂਦੀ ਤਗ਼ਮਾ ਜਿੱਤਿਆ।
10 ਮੀਟਰ ਏਅਰ ਰਾਇਫਲ (ਸੀਨੀਅਰ ਸਿਵਿਲੀਅਨ) ’ਚ ਜਸਮੀਨ ਕੌਰ, ਸਿਫ਼ਤ ਕੌਰ ਸਮਰਾ, ਅਰਪਨਦੀਪ ਕੌਰ ਨੇ ਕਾਂਸੀ ਤਗ਼ਮੇ ’ਤੇ ਕਬਜ਼ਾ ਕੀਤਾ। 10 ਮੀਟਰ ਏਅਰ ਰਾਇਫਲ (ਸੀਨੀਅਰ ਮਿਕਸ ਟੀਮ) ’ਚ ਅੰਜੁਮ ਮੋਦਗਿੱਲ, ਅਰਜੁਨ ਬਬੂਟਾ ਨੇ ਸੋਨ ਤਗ਼ਮਾ ਜਿੱਤਿਆ। 25 ਮੀਟਰ ਸਪੋਰਟਸ ਪਿਸਟਲ (ਸ.ਸ.) ’ਚ ਜਯੋਤੀ ਸਿੰਘ, ਜਸਪ੍ਰੀਤ ਕੌਰ ਅਤੇ ਗੁਰਜੀਤ ਕੌਰ ਨੇ ਕਾਂਸੀ ਤਗ਼ਮਾ ਜਿੱਤਿਆ। 50 ਮੀਟਰ ਥ੍ਰੀ-ਪੀ (ਜੂਨੀਅਰ ਸਿਵਿਲੀਅਨ) ਵਰਗ ’ਚ ਕੁਨਾਕਸ਼ ਵਰਮਾ, ਸਰਤਾਜ ਸਿੰਘ ਟਿਵਾਣਾ ਤੇ ਇਸ਼ਾਨ ਬਾਂਸਲ ਨੇ ਸੋਨ ਤਗ਼ਮਾ ਜਿੱਤਿਆ।
Sports ਪੰਜਾਬ ਦੇ ਨਿਸ਼ਾਨੇਬਾਜ਼ਾਂ ਨੇ ਫੁੰਡੇ 38 ਤਗ਼ਮੇ