ਨਡਾਲ ਆਸਟਰੇਲੀਅਨ ਓਪਨ ਦੇ ਫਾਈਨਲ ’ਚ

ਸਪੇਨ ਦੇ ਧੁਨੰਤਰ ਖਿਡਾਰੀ ਰਾਫੇਲ ਨਾਡਾਲ ਨੇ ਇੱਥੇ ਖੇਡੇ ਜਾ ਰਹੇ ਸੀਜ਼ਨ ਦੇ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ ਆਸਟਰੇਲੀਅਨ ਓਪਨ ਦੇ ਫਾਈਨਲ ਵਿਚ ਥਾਂ ਬਣਾ ਲਈ ਹੈ। ਉਸ ਨੇ ਯੂਨਾਨ ਦੇ 14ਵਾਂ ਦਰਜਾ ਪ੍ਰਾਪਤ ਸਟੈਫਾਨੋਸ ਸਟੀਪਾਸ ਨੂੰ 6-2, 6-4, 6-0 ਨਾਲ ਹਰਾ ਕੇ ਸ਼ਾਨ ਦੇ ਨਾਲ ਸੈਮੀ ਫਾਈਨਲ ਮੈਚ ਜਿੱਤਿਆ। ਇਸ ਤੋਂ ਪਹਿਲਾਂ ਯੂਨਾਨ ਦੇ ਸਟੀਪਾਸ ਨੇ ਸਵਿਟਰਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਹਰਾ ਕੇ ਸਨਸਨੀ ਫੈਲਾ ਦਿੱਤੀ ਸੀ। ਅੱਜ ਨਡਾਲ ਨੇ ਉਸ ਨੂੰ ਇੱਕ ਘੰਟੇ 46 ਮਿੰਟ ਚੱਲੇ ਮੈਚ ਵਿਚ ਮਾਤ ਦਿੱਤੀ। ਨਡਾਲ ਨੇ ਲਗਾਤਾਰ 63 ਗੇਮਾਂ ਤੱਕ ਸਰਵਿਸ ਨਹੀਂ ਟੁੱਟਣ ਦਿੱਤੀ ਅਤੇ ਫਾਈਨਲ ਤੱਕ ਪੁੱਜਦਿਆਂ ਇੱਕ ਵੀ ਸੈੱਟ ਨਹੀਂ ਗਵਾਇਆ। ਹੁਣ ਉਸਦੀ ਟੱਕਰ ਨੋਵਾਕ ਜੋਕੋਵਿਚ ਅਤੇ ਲੁਕਾਸ ਪਾਊਲੀ ਵਿਚੋਂ ਇੱਕ ਦੇ ਨਾਲ ਹੋਵੇਗੀ।
ਜਿੱਤਣ ਤੋਂ ਬਾਅਦ ਨਡਾਲ ਨੇ ਕਿਹਾ,‘ਇਹ ਸ਼ਾਨਦਾਰ ਮੈਚ ਸੀ। ਮੈਂ ਬਹੁਤ ਵਧੀਆ ਖੇਡਿਆ ਅਤੇ ਦਰਸ਼ਕਾਂ ਤੋਂ ਮੈਨੂੰ ਕਾਫੀ ਊਰਜਾ ਮਿਲੀ। ਨਡਾਲ ਪੰਜਵੀਂ ਵਾਰ ਆਸਟਰੇਲੀਅਨ ਓਪਨ ਦੇ ਫਾਈਨਲ ਵਿਚ ਪੁੱਜਾ ਹੈ।
ਇੱਥੇ ਖ਼ਿਤਾਬ ਜਿੱਤਣ ਦੇ ਨਾਲ ਉਹ ਓਪਨ ਯੁੱਗ ਦਾ ਅਜਿਹਾ ਪਹਿਲਾ ਖਿਡਾਰੀ ਬਣ ਜਾਵੇਗਾ, ਜਿਸ ਨੇ ਚਾਰੇ ਗਰੈਂਡ ਸਲੈਮ ਖ਼ਿਤਾਬ ਦੋ ਦੋ ਵਾਰ ਜਿੱਤੇ ਹੋਣਗੇ।
ਇਸ ਦੌਰਾਨ ਹੀ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿਚ ਚੌਥਾ ਦਰਜਾ ਪ੍ਰਾਪਤ ਨਾਓਮੀ ਓਸਾਕਾ ਨੇ ਕੈਰੋਲੀਨਾ ਪਲਿਸਕੋਵਾ ਨੂੰ ਹਰਾ ਕੇ ਮਹਿਲਾ ਸਿੰਗਲਜ਼ ਵਰਗ ਦੇ ਫਾਈਨਲ ਵਿਚ ਦਾਖ਼ਲਾ ਪਾ ਲਿਆ ਹੈ। ਫਾਈਨਲ ਵਿਚ ਉਸ ਦੀ ਟੱਕਰ ਚੈੱਕ ਗਣਰਾਜ ਦੀ ਅੱਠਵਾਂ ਦਰਜਾ ਪ੍ਰਾਪਤ ਪੈਟਰਾ ਕਿਵਤੋਵਾ ਨਾਲ ਹੋਵੇਗੀ। ਜਾਪਾਨ ਦੀ 21 ਸਾਲ ਦੀ ਓਸਾਕਾ ਨੇ ਸੱਤਵਾਂ ਦਰਜਾ ਪਲਿਸਕੋਵਾ ਨੂੰ 6-2, 4-6, 6-4 ਨਾਲ ਹਰਾ ਦਿੱਤਾ। ਉਹ ਲਗਾਤਾਰ ਦੂਜੇ ਗਰੈਂਡਸਲੈਮ ਫਾਈਨਲ ਵਿਚ ਪੁੱਜੀ ਹੈ। ਇਸ ਤੋਂ ਪਹਿਲਾਂ ਉਸ ਨੇ ਯੂ ਐੱਸ ਓਪਨ ਵਿਚ ਸੇਰੇਨਾ ਵਿਲੀਅਮਜ਼ ਨੂੰ ਮਾਤ ਦਿੱਤੀ ਸੀ।
ਸੇਰੇਨਾ ਨੂੰ ਕੁਆਰਟਰ ਫਾਈਨਲ ਵਿਚ ਪਲਿਸਕੋਵਾ ਨੇ ਹਰਾ ਦਿੱਤਾ ਹੈ। ਜੇ ਓਸਾਕਾ ਖ਼ਿਤਾਬ ਜਿੱਤਦੀ ਹੈ ਤਾਂ ਪਿਛਲੇ ਚਾਰ ਸਾਲ ਵਿਚ ਯੂ ਐੱਸ ਓਪਨ ਅਤੇ ਆਸਟਰੇਲੀਅਨ ਓਪਨ ਲਗਾਤਾਰ ਜਿੱਤਣ ਵਾਲੀ ਸੇਰੇਨਾ ਵਿਲੀਅਮਜ਼ ਬਾਅਦ ਉਹ ਪਹਿਲੀ ਮਹਿਲਾ ਖਿਡਾਰਨ ਹੋਵੇਗੀ। ਇਸ ਤਰ੍ਹਾਂ ਉਹ ਆਲਮੀ ਦਰਜਾਬੰਦੀ ਵਿਚ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਪਛਾੜ ਕੇ ਨੰਬਰ ਇੱਕ ਬਣ ਜਾਵੇਗੀ। ਦੂਜੇ ਸੈਮੀਫਾਈਨਲ ਵਿਚ ਵਿੰਬਲਡਨ ਚੈਂਪੀਅਨ ਕਿਵਤੋਵਾ ਨੇ ਡੇਨੀਅਲ ਕੋਲਿਨਜ਼ ਨੂੰ 7-6, 6-0 ਨਾਲ ਹਰਾਇਆ ਹੈ।