ਭਾਰਤੀ ਕ੍ਰਿਕਟ ਟੀਮ ਨੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਵੈਸਟ ਇੰਡੀਜ਼ ਦੀ ਪਹਿਲੀ ਪਾਰੀ 311 ਦੌੜਾਂ ’ਤੇ ਢੇਰ ਕਰਨ ਮਗਰੋਂ ਆਪਣੇ ਤਿੰਨ ਬੱਲੇਬਾਜ਼ਾਂ ਪ੍ਰਿਥਵੀ ਸ਼ਾਅ ਰਿਸ਼ਭ ਪੰਤ ਅਤੇ ਅਜਿੰਕਿਆ ਰਹਾਣੇ ਦੇ ਨੀਮ ਸੈਂਕੜਿਆਂ ਦੀ ਬਦੌਲਤ ਚਾਰ ਵਿਕਟਾਂ ’ਤੇ 308 ਦੌੜਾਂ ਬਣਾ ਲਈਆਂ ਹਨ। ਭਾਰਤ ਦੀਆਂ ਛੇ ਵਿਕਟਾਂ ਹਾਲੇ ਸੁਰੱਖਿਅਤ ਹਨ। ਮਹਿਮਾਨ ਟੀਮ ਦੀ ਬਰਾਬਰੀ ਕਰਨ ਤੋਂ ਉਹ ਸਿਰਫ਼ ਤਿੰਨ ਦੌੜਾਂ ਹੀ ਪਿੱਛੇ ਹੈ। ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦੇ ਟੈਸਟ ਪਾਰੀ ਵਿੱਚ ਸਰਵੋਤਮ ਪ੍ਰਦਰਸ਼ਨ (88 ਦੌੜਾਂ ਦੇ ਕੇ ਛੇ ਵਿਕਟਾਂ) ਦੀ ਬਦੌਲਤ ਭਾਰਤ ਨੇ ਸਵੇਰ ਦੇ ਸੈਸ਼ਨ ਵਿੱਚ ਵੈਸਟ ਇੰਡੀਜ਼ ਦੀ ਪਹਿਲੀ ਪਾਰੀ ਨੂੰ 101.4 ਓਵਰਾਂ ਵਿੱਚ 311 ਦੌੜਾਂ ਹੀ ਬਣਾਉਣ ਦਿੱਤੀਆਂ। ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ ਦਿਨ ਦੀ ਖੇਡ ਖ਼ਤਮ ਹੋਣ ਤੱਕ 81 ਓਵਰਾਂ ਵਿੱਚ ਚਾਰ ਵਿਕਟਾਂ ਪਿੱਛੇ 308 ਦੌੜਾਂ ਬਣਾਈਆਂ। ਹੁਣ ਉਸ ਦੀ ਤੀਜੇ ਦਿਨ ਮਜ਼ਬੂਤ ਲੀਡ ਬਣਾਉਣ ਦੀ ਕੋਸ਼ਿਸ਼ ਹੋਵੇਗੀ। ਭਾਰਤ ਦੀ ਪਹਿਲੀ ਪਾਰੀ ਵਿੱਚ ਦਿਨ ਦੀ ਖੇਡ ਖ਼ਤਮ ਹੋਣ ਤੱਕ ਅਜਿੰਕਿਆ ਰਹਾਣੇ 75 ਦੌੜਾਂ ਅਤੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ 85 ਦੌੜਾਂ ਬਣਾ ਕੇ ਕ੍ਰੀਜ਼ ’ਤੇ ਡਟੇ ਹੋਏ ਹਨ। ਇਸ ਤੋਂ ਪਹਿਲਾਂ ਰਾਜਕੋਟ ਟੈਸਟ ਵਿੱਚ ਪਹਿਲੀ ਵਾਰ ਕੌਮਾਂਤਰੀ ਕ੍ਰਿਕਟ ਵਿੱਚ ਉਤਰਨ ਵਾਲੇ ਪ੍ਰਿਥਵੀ ਨੇ 70 ਦੌੜਾਂ ਅਤੇ ਵਿਰਾਟ ਕੋਹਲੀ ਨੇ 45 ਦੌੜਾਂ ਦੀਆਂ ਅਹਿਮ ਪਾਰੀਆਂ ਖੇਡੀਆਂ। ਹਾਲਾਂਕਿ ਖ਼ਰਾਬ ਫ਼ਾਰਮ ਨਾਲ ਜੂਝ ਰਿਹਾ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਇਸ ਵਾਰ ਵੀ ਛੇਤੀ ਆਊਟ ਹੋ ਗਿਆ ਅਤੇ ਸਿਰਫ਼ ਚਾਰ ਦੌੜਾਂ ਹੀ ਬਣਾ ਸਕਿਆ, ਜਦਕਿ ਮੱਧ ਕ੍ਰਮ ਵਿੱਚ ਮਾਹਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਸਿਰਫ਼ ਦਸ ਦੌੜਾਂ ਬਣਾਈਆਂ। ਵੈਸਟ ਇੰਡੀਜ਼ ਲਈ ਸ਼ੈਨਨ ਗੈਬਰੀਅਲ ਨੇ 73 ਦੌੜਾਂ ਦੇ ਕੇ ਇੱਕ ਵਿਕਟ, ਜੇਸਨ ਹੋਲਡਰ ਨੇ 45 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਵਾਰੀਕਨ ਨੇ 76 ਦੌੜਾਂ ਦੇ ਕੇ ਭਾਰਤ ਦੀ ਇੱਕ ਵਿਕਟ ਝਟਕਾਈ। ਰਾਜਕੋਟ ਵਿੱਚ ਪਹਿਲੇ ਟੈਸਟ ਵਿੱਚ ਪਾਰੀ ਅਤੇ 272 ਦੌੜਾਂ ਨਾਲ ਭਾਰਤ ਹੱਥੋਂ ਆਪਣੀ ਸਭ ਤੋਂ ਵੱਡੀ ਹਾਰ ਝੱਲਣ ਵਾਲੀ ਵੈਸਟ ਇੰਡੀਜ਼ ਦੀ ਟੀਮ ਇਸ ਵਾਰ ਕਾਫ਼ੀ ਹੌਸਲੇ ਵਿੱਚ ਖੇਡਦੀ ਨਜ਼ਰ ਆਈ। ਉਸ ਨੇ ਟੈਸਟ ਦੀ ਨੰਬਰ ਇੱਕ ਟੀਮ ਨੂੰ ਦੂਜੇ ਦਿਨ ਖੇਡ ਵਿੱਚ ਚੰਗੀ ਚੁਣੌਤੀ ਦਿੱਤੀ ਅਤੇ ਬੱਲੇਬਾਜ਼ਾਂ ਰੋਸਟਨ ਚੇਜ਼ (106) ਅਤੇ ਜੇਸਨ ਹੋਲਡਰ (52) ਦੀਆਂ ਪਾਰੀਆਂ ਨਾਲ ਪਹਿਲੀ ਪਾਰੀ ਵਿੱਚ 300 ਦੇ ਪਾਰ ਤੱਕ ਸਕੋਰ ਪਹੁੰਚਾਇਆ। ਭਾਰਤ ਨੇ ਪਹਿਲੀ ਪਾਰੀ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਸਲਾਮੀ ਬੱਲੇਬਾਜ਼ ਪ੍ਰਿਥਵੀ ਨੇ ਲੰਚ ਤੋਂ ਪਹਿਲਾਂ ਆਪਣਾ ਨੀਮ ਸੈਂਕੜਾ ਪੂਰਾ ਕੀਤਾ।
Sports ਦੂਜਾ ਟੈਸਟ: ਭਾਰਤੀ ਬੱਲੇਬਾਜ਼ ਵਿੰਡੀਜ਼ ’ਤੇ ਭਾਰੂ