ਤੇਜ਼-ਤਰਾਰ ਹਮਲਾਵਰ ਮਨਦੀਪ ਸਿੰਘ

ਹਾਕੀ ਇੰਡੀਆ ਲੀਗ ਵਿੱਚ ਰਾਂਚੀ ਰ੍ਹੀਨੋਜ਼ ਟੀਮ ਵੱਲੋਂ ਖੇਡਣ ਵਾਲੇ ਮਨਦੀਪ ਸਿੰਘ ਮਿੱਠਾਪੁਰ ਨੂੰ ਕੌਮੀ ਟੀਮ ਦਾ ਭਰੋਸੇਮੰਦ ਹਮਲਾਵਰ ਖਿਡਾਰੀ ਮੰਨਿਆ ਜਾ ਰਿਹਾ ਹੈ। ਖ਼ੁਦ ਨੂੰ ਸਾਬਿਤ ਕਰਨ ਲਈ ਮਨਦੀਪ ਸਿੰਘ ਨੇ ਸੀਨੀਅਰ ਹਾਕੀ ਟੀਮ ਨਾਲ 105 ਮੈਚਾਂ ਵਿੱਚ 42 ਫੀਲਡ ਗੋਲ ਦਾਗ਼ੇ ਹਨ। ਉਸ ਨੇ ਇੰਡੀਆ ਹਾਕੀ ਲੀਗ ਦੌਰਾਨ 15 ਮੈਚਾਂ ’ਚ ਸ਼ਾਨਦਾਰ 12 ਮੈਦਾਨੀ ਗੋਲ ਕੀਤੇ ਹਨ। ਕਰਿਸ਼ਮਈ ਹਾਕੀ ਖੇਡਣ ਦੇ ਮਾਲਕ ਮਨਦੀਪ ਸਿੰਘ ਨੇ ਸਮੇਂ ਦੇ ਨਾਲ-ਨਾਲ ਆਪਣੀ ਖੇਡ ਨੂੰ ਵੀ ਤਰਾਸ਼ਿਆ ਹੈ। 25 ਜਨਵਰੀ 1995 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ’ਚ ਜਨਮੇ ਮਨਦੀਪ ਸਿੰਘ ਨੇ ਸੁਰਜੀਤ ਸਿੰਘ ਹਾਕੀ ਅਕੈਡਮੀ ਜਲੰਧਰ ਤੋਂ ਯੂਥ ਕਰੀਅਰ ਦਾ ਆਗਾਜ਼ ਕੀਤਾ। ਮਨਦੀਪ ਸਿੰਘ ਨੇ 18 ਫਰਵਰੀ 2013 ਨੂੰ ਵਿਸ਼ਵ ਹਾਕੀ ਲੀਗ ਵਿੱਚ ਫ਼ਿਜ਼ੀ ਵਿਰੁੱਧ ਸੀਨੀਅਰ ਭਾਰਤੀ ਟੀਮ ਵਿੱਚ ਪਹਿਲੀ ਵਾਰ ਖੇਡਿਆ। ਇਸ ਤੋਂ ਦੋ ਦਿਨਾਂ ਬਾਅਦ (20 ਫਰਵਰੀ 2013) ਉਸ ਨੇ ਓਮਾਨ ਖ਼ਿਲਾਫ਼ ਪਲੇਠਾ ਕੌਮਾਂਤਰੀ ਗੋਲ ਦਾਗ਼ਿਆ। ਮਨਦੀਪ ਸਿੰਘ ਨੂੰ ਪਹਿਲੇ ਕੌਮਾਂਤਰੀ ਹਾਕੀ ਟੂਰਨਾਮੈਂਟ ’ਚ ‘ਬੈਸਟ ਜੂਨੀਅਰ ਹਾਕੀ ਪਲੇਅਰ ਆਫ ਦਿ ਸੀਜ਼ਨ:2012-14’ ਦਾ ਖ਼ਿਤਾਬ ਦਿੱਤਾ ਗਿਆ। ਅਗਲੀ ਪਾਲ ’ਚ ਤੂਫ਼ਾਨੀ ਗੇਮ ਖੇਡਣ ਦਾ ਮਾਲਕ ਫਾਰਵਰਡ ਮਨਦੀਪ ਸਿੰਘ ਵਿਰੋਧੀ ਪੋਸਟ ’ਤੇ ਨਿਸ਼ਾਨਾ ਸਾਧ ਕੇ ਅੱਖ ਦੇ ਫੋਰੇ ਨਾਲ ਗੋਲ ਦਾਗ਼ ਦਿੰਦਾ ਹੈ। 23 ਬਸੰਤਾਂ ਹੰਢਾਅ ਚੁੱਕਿਆ ਸਟਰਾਈਕਰ ਮਨਦੀਪ ਸਿੰਘ ਲੰਡਨ ਵਿਸ਼ਵ ਹਾਕੀ ਚੈਂਪੀਅਨਜ਼ ਟਰਾਫੀ-2016 ਅਤੇ ਰੋਬੋ ਬੈਂਕ ਵਿਸ਼ਵ ਹਾਕੀ ਚੈਂਪੀਅਨਜ਼ ਟਰਾਫੀ (ਹਾਲੈਂਡ) ਬਰੇਡਾ-2018 ’ਚ ਕ੍ਰਮਵਾਰ ਚਾਂਦੀ ਦੇ ਤਗ਼ਮੇ ਜਿੱਤਣ ਵਾਲੀ ਸੀਨੀਅਰ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰ ਚੁੱਕਿਆ ਹੈ।