ਟੈਨਿਸ ਖਿਡਾਰਨ ਹੈਲੇਪ ਤੇ ਕੋਚ ਕਾਹਿਲ ਵੱਲੋਂ ਵੱਖ ਹੋਣ ਦਾ ਐਲਾਨ

ਦੁਨੀਆਂ ਦੀ ਨੰਬਰ ਇਕ ਖਿਡਾਰਨ ਅਤੇ ਫਰੈਂਚ ਓਪਨ ਚੈਂਪੀਅਨ ਸਿਮੋਨਾ ਹੈਲੇਪ ਦੇ ਕੋਚ ਡੈਰੇਨ ਕਾਹਿਲ ਨੇ ਲੰਘੇ ਦਿਨ ਕਿਹਾ ਕਿ ਉਹ ਪਰਿਵਾਰਕ ਕਾਰਨਾਂ ਕਰ ਕੇ 2019 ਵਿੱਚ ਟੈਨਿਸ ਤੋਂ ਬਰੇਕ ਲੈਣਗੇ।
ਆਸਟਰੇਲੀਆ ਦੇ ਇਸ 53 ਸਾਲਾ ਕੋਚ ਨੇ ਜੂਨ ਵਿੰਚ ਰੋਲਾਂ ਗੈਰਾ ਵਿੱਚ ਹੈਲੇਪ ਨੂੰ ਉਸ ਦਾ ਪਹਿਲਾ ਗਰੈਂਡਸਲੇਮ ਜਿੱਤਣ ਵਿੱਚ ਮਦਦ ਕੀਤੀ ਸੀ ਅਤੇ ਸਾਲ ਦੇ ਅਖ਼ੀਰ ਵਿੱਚ ਉਸ ਨੇ ਸਿਖ਼ਰਲੀ ਰੈਂਕਿੰਗ ਵੀ ਹਾਸਲ ਕੀਤੀ। ਇਨ੍ਹਾਂ ਦੋਹਾਂ ਦੀ ਜੋੜੀ ਚਾਰ ਸਾਲਾਂ ਤੋਂ ਚੱਲੀ ਆ ਰਹੀ ਸੀ। ਕਾਹਿਲ ਇਸ ਤੋਂ ਪਹਿਲਾਂ ਲੇਟਨ ਹੈਵਿਟ ਅਤੇ ਆਂਦਰੇ ਅਗਾਸੀ ਵਰਗੇ ਸਿਖ਼ਰਲੇ ਦਰਜੇ ਦੇ ਖਿਡਾਰੀਆਂ ਨੂੰ ਕੋਚਿੰਗ ਦੇ ਚੁੱਕੇ ਹਨ।
ਕਾਹਿਲ ਨੇ ਇੰਸਟਾਗਰਾਮ ’ਤੇ ਲਿਖਿਆ ਕਿ ਉਹ ਇਹ ਐਲਾਨ ਕਰਨਾ ਚਾਹੁੰਦੇ ਹਨ ਕਿ ਸਿਮੋਨਾ ਅਤੇ ਉਹ 2019 ਵਿੱਚ ਆਪਣੀ ਸਾਂਝੇਦਾਰੀ ਬਰਕਰਾਰ ਨਹੀਂ ਰੱਖਣਗੇ ਜਿਸ ਲਈ ਪੂਰੀ ਤਰ੍ਹਾਂ ਉਨ੍ਹਾਂ ਦੇ ਪਰਿਵਾਰਕ ਕਾਰਨ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਬਿਹਤਰੀਨ ਸਾਲਾਂ ਲਈ ਉਹ ਸਿਮੋਨਾ ਨੂੰ ਧੰਨਵਾਦ ਦੇਣਾ ਚਾਹੁੰਦੇ ਹਨ। ਇਸ ਦੇ ਜਵਾਬ ਵਿੱਚ ਹੈਲੇਪ ਨੇ ਟਵੀਟ ਕੀਤਾ, ‘‘ਤੁਹਾਡੀ ਸਖ਼ਤ ਮਿਹਨਤ ਤੇ ਸਮਰਥਨ ਲਈ ਧੰਨਵਾਦ, ਡੈਰੇਨ ਕਾਹਿਲ। ਮੈਂ ਖੁਸ਼ਕਿਸਮਤ ਸੀ ਕਿ ਤੁਸੀਂ ਮੇਰੇ ਨਾਲ ਸਨ ਤੇ ਸਾਡੀ ਯਾਤਰਾ ਕਿੰਨੀ ਚੰਗੀ ਰਹੀ।’’