ਟਰੰਪ ਵੱਲੋਂ ਆਪਣੇ ਪ੍ਰਸ਼ਾਸਨ ਵਿਚਲੇ ਭਾਰਤੀਆਂ ਦੀ ਤਾਰੀਫ਼

ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਪ੍ਰਸ਼ਾਸਨ ਵਿੱਚ ਕੰਮ ਕਰਦੇ ਭਾਰਤੀ-ਅਮਰੀਕੀਆਂ ਵੱਲੋਂ ਵਿਖਾਈ ਸ਼ਾਨਦਾਰ ਕਾਰਗੁਜ਼ਾਰੀ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਹੈ। ਸਾਲ 2017 ਵਿੱਚ ਮੁਲਕ ਦੇ ਸਰਵਉੱਚ ਅਹੁਦੇ ’ਤੇ ਬੈਠਣ ਮਗਰੋਂ ਟਰੰਪ ਨੇ ਦੋ ਦਰਜਨ ਤੋਂ ਵੱਧ ਭਾਰਤੀਆਂ ਨੂੰ ਅਮਰੀਕੀ ਪ੍ਰਸ਼ਾਸਨ ਵਿੱਚ ਸੀਨੀਅਰ ਅਹੁਦਿਆਂ ’ਤੇ ਨਿਯੁਕਤ ਕੀਤਾ ਹੈ। ਇਥੇ ਵ੍ਹਾਈਟ ਹਾਊਸ ਦੇ ਇਤਿਹਾਸਕ ਰੂਸਵੈਲਟ ਰੂਮ ਵਿੱਚ ਦੀਵਾਲੀ ਦੇ ਜਸ਼ਨਾਂ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਟਰੰਪ ਨੇ ਕਿਹਾ, ‘ਮੈਂ ਭਾਰਤੀ ਤੇ ਦੱਖਣ-ਪੂਰਬੀ ਏਸ਼ਿਆਈ ਵਿਰਾਸਤ ਸਾਂਭੀ ਬੈਠੇ ਉਨ੍ਹਾਂ ਅਮਰੀਕੀਆਂ ਦਾ ਸ਼ੁਕਰਗੁਜ਼ਾਰ ਹਾਂ, ਜਿਹੜੇ ਮੇਰੇ ਪ੍ਰਸ਼ਾਸਨ ਵਿੱਚ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਉਨ੍ਹਾਂ ਆਪਣਾ ਕੰਮ ਸ਼ਾਨਦਾਰ ਤੇ ਬਾਖੂਬੀ ਤਰੀਕੇ ਨਾਲ ਕੀਤਾ ਹੈ।’ ਖਾਸ ਦੀਵਾਲੀ ਦੇ ਜਸ਼ਨਾਂ ਲਈ ਰੱਖੇ ਇਸ ਸਮਾਗਮ ਵਿੱਚ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਨੂੰ ਛੱਡ ਕੇ ਦੋ ਦਰਜਨ ਦੇ ਕਰੀਬ ਸਿਖਰਲੇ ਭਾਰਤੀ-ਅਮਰੀਕੀ ਅਧਿਕਾਰੀ ਮੌਜੂਦ ਸਨ। ਅਮਰੀਕੀ ਸਦਰ ਨੇ ਇਸ ਮੌਕੇ ਡੀਸੀ ਸਰਕਿਟ ਦੀਆਂ ਅਪੀਲਾਂ ਬਾਰੇ ਅਮਰੀਕੀ ਅਦਾਲਤ ਲਈ ਨਿਓਮੀ ਜਹਾਂਗੀਰ ਰਾਓ(45) ਦੀ ਨਾਮਜ਼ਦਗੀ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਟਰੰਪ ਨੇ ਜਹਾਂਗੀਰ ਦੀ ਨਾਮਜ਼ਦਗੀ ਨੂੰ ਦੀਵਾਲੀ ਦਾ ਤੋਹਫ਼ਾ ਦੱਸਿਆ। ਹਰੀ ਝੰਡੀ ਮਿਲਣ ਮਗਰੋਂ ਰਾਓ ਸੁਪਰੀਮ ਕੋਰਟ ਦੇ ਜਸਟਿਸ ਬਰੈੱਟ ਕੈਵਾਨੌਗ ਦੀ ਥਾਂ ਲੈਣਗੇ।