ਜ਼ਿੰਬਾਬਵੇ ਨੇ ਬੰਗਲਾਦੇਸ਼ ਨੂੰ ਹਰਾ ਕੇ ਪੰਜ ਸਾਲ ’ਚ ਪਹਿਲਾ ਟੈਸਟ ਮੈਚ ਜਿੱਤਿਆ

ਬਰੈਂਡਨ ਮਾਵੁਤਾ ਅਤੇ ਸਿਕੰਦਰ ਰਜ਼ਾ ਦੀਆਂ ਸੱਤ ਵਿਕਟਾਂ ਦੀ ਮਦਦ ਨਾਲ ਜ਼ਿੰਬਾਬਵੇ ਨੇ ਪਹਿਲੇ ਕ੍ਰਿਕਟ ਟੈਸਟ ਵਿੱਚ ਬੰਗਲਾਦੇਸ਼ ਨੂੰ ਅੱਜ 151 ਦੌੜਾਂ ਨਾਲ ਹਰਾ ਕੇ ਪੰਜ ਸਾਲ ਵਿੱਚ ਪਹਿਲੀ ਜਿੱਤ ਦਰਜ ਕਰ ਲਈ ਹੈ। ਟੈਸਟ ਕ੍ਰਿਕਟ ਵਿੱਚ ਪਹਿਲੀ ਵਾਰ ਖੇਡ ਰਹੇ ਲੈੱਗ ਸਪਿੰਨਰ ਮਾਵੁਤਾ ਨੇ 21 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਦਕਿ ਆਫ ਸਪਿੰਨਰ ਰਜ਼ਾ ਨੇ 41 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ।
ਬੰਗਲਾਦੇਸ਼ ਨੂੰ ਚੌਥੇ ਦਿਨ ਜਿੱਤ ਲਈ 321 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਜ਼ਿੰਬਾਬਵੇ ਨੇ ਮੇਜ਼ਬਾਨ ਟੀਮ ਨੂੰ 169 ਦੌੜਾਂ ’ਤੇ ਢੇਰ ਕਰ ਦਿੱਤਾ। ਵੇਲਿੰਗਟਨ ਮਸਾਕਾਜ਼ਾ ਨੇ ਵੀ ਦੋ ਵਿਕਟਾਂ ਲਈਆਂ। ਮਸਾਕਾਜ਼ਾ ਨੇ ਆਰਿਫੁਲ ਹੱਕ (38 ਦੌੜਾਂ) ਨੂੰ ਆਊਟ ਕਰਕੇ ਬੰਗਲਾਦੇਸ਼ ਦੀ ਪਾਰੀ ਖ਼ਤਮ ਕੀਤੀ। ਪਾਕਿਸਤਾਨ ਨੂੰ 2013 ਵਿੱਚ ਹਰਾਰੇ ਵਿੱਚ ਹਰਾਉਣ ਮਗਰੋਂ ਜ਼ਿੰਬਾਬਵੇ ਦੀ ਇਹ ਪਹਿਲੀ ਟੈਸਟ ਜਿੱਤ ਹੈ। ਆਪਣੀ ਧਰਤੀ ਦੇ ਬਾਹਰ ਉਸ ਨੇ 17 ਸਾਲਾਂ ਮਗਰੋਂ ਕੋਈ ਟੈਸਟ ਜਿੱਤਿਆ ਹੈ। ਉਸ ਨੇ 2001 ਵਿੱਚ ਚਟਗਾਓਂ ਵਿੱਚ ਬੰਗਲਾਦੇਸ਼ ਨੂੰ ਹੀ ਹਰਾਇਆ ਸੀ।
ਬੰਗਲਾਦੇਸ਼ ਨੇ ਬਿਨਾਂ ਕਿਸੇ ਨੁਕਸਾਨ ਦੇ 26 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ, ਪਰ ਅੱਧੇ ਘੰਟੇ ਵਿੱਚ ਉਸ ਦੀ ਪਹਿਲੀ ਵਿਕਟ ਡਿੱਗ ਗਈ। ਇਸ ਤੋਂ ਬਾਅਦ ਲਗਾਤਾਰ ਵਿਕਟਾਂ ਡਿਗਦੀਆਂ ਰਹੀਆਂ। ਰਜ਼ਾ ਨੇ ਲਿਟਨ ਦਾਸ ਨੂੰ 23 ਦੇ ਸਕੋਰ ’ਤੇ ਐਲਬੀਡਬਲਯੂ ਆਊਟ ਕੀਤਾ।
ਇਸ ਮਗਰੋਂ ਕਾਈਲ ਜ਼ਾਰਵਿਸ ਦੀ ਗੇਂਦ ’ਤੇ ਮੋਮਿਨੁਲ ਹੱਕ ਵੀ ਆਪਣੀ ਵਿਕਟ ਗੁਆ ਬੈਠਾ। ਰਜ਼ਾ ਨੇ ਇਮਰੂਲ ਕਾਯੇਸ (43) ਨੂੰ ਉਦੋਂ ਪੈਵਿਲੀਅਨ ਭੇਜਿਆ, ਜਦੋਂ ਸਕੋਰ ਤਿੰਨ ਵਿਕਟਾਂ ’ਤੇ 83 ਦੌੜਾਂ ਸੀ। ਕਪਤਾਨ ਮਹਿਮੂਦੁੱਲਾਹ ਬੱਲੇਬਾਜ਼ੀ ਕ੍ਰਮ ਵਿੱਚ ਉਪਰ ਆਇਆ, ਪਰ 16 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਕੋਈ ਬੱਲੇਬਾਜ਼ ਟਿੱਕ ਕੇ ਨਹੀਂ ਖੇਡ ਸਕਿਆ। ਦੂਜਾ ਟੈਸਟ 11 ਨਵੰਬਰ ਨੂੰ ਢਾਕਾ ਵਿੱਚ ਖੇਡਿਆ ਜਾਵੇਗਾ।