ਜਰਮਨੀ ਤੇ ਆਇਰਲੈਂਡ ਦੀਆਂ ਟੀਮਾਂ ਭੁਬਨੇਸ਼ਵਰ ਪੁੱਜੀਆਂ

ਖ਼ਿਤਾਬ ਦੀਆਂ ਪ੍ਰਮੁੱਖ ਦਾਅਵੇਦਾਰਾਂ ’ਚ ਸ਼ਾਮਲ ਜਰਮਨੀ ਦੀ ਟੀਮ 2014 ਐਫਆਈਐੱਚ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿੱਚ ਮਿਲੀ ਖ਼ਿਤਾਬੀ ਜਿੱਤ ਨੂੰ ਦੁਹਰਾਉਣ ਦੀ ਆਸ ਨਾਲ ਅਗਾਮੀ ਪੁਰਸ਼ ਹਾਕੀ ਵਿਸ਼ਵ ਕੱਪ ਲਈ ਅੱਜ ਇਥੇ ਉੜੀਸਾ ਪੁੱਜ ਗਈ। ਜਰਮਨ ਟੀਮ ਪਿਛਲੇ ਸਾਲ ਹਾਕੀ ਵਿਸ਼ਵ ਲੀਗ ਫਾਈਨਲ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੋਂ ਖੁੰਝ ਗਈ ਸੀ ਜਿੱਥੇ ਉਸ ਨੂੰ ਕਾਂਸੇ ਦੇ ਤਗ਼ਮੇ ਲਈ ਮੈਚ ਵਿੱਚ ਭਾਰਤ ਤੋਂ ਸ਼ਿਕਸਤ ਝੱਲਣੀ ਪਈ ਸੀ। ਹਾਲਾਂਕਿ 28 ਨਵੰਬਰ ਤੋਂ ਸ਼ੁਰੂ ਹੋ ਰਹੇ ਟੂਰਨਾਮੈਂਟ ਵਿੱਚ ਟੀਮ ਨੂੰ ਸਿਖਰਲਾ ਦਰਜਾ ਦਿੱਤਾ ਗਿਆ ਹੈ।
ਟੀਮ ਦੀ ਆਮਦ ਮੌਕੇ ਕਪਤਾਨ ਫਲੋਰਿਨ ਫੁਕਸ ਨੇ ਕਿਹਾ, ‘ਮੁੜ ਇਥੇ ਆ ਕੇ ਚੰਗਾ ਲੱਗ ਰਿਹਾ ਹੈ। ਅਸੀਂ ਦੋ ਵਾਰ ਇਥੇ ਖੇਡ ਚੁੱਕੇ ਹਾਂ ਤੇ ਦਰਸ਼ਕ ਲਾਜਵਾਬ ਹਨ। ਅਸੀਂ ਇਥੇ ਕੁਝ ਖਾਸ ਹਾਸਲ ਕਰਨ ਦੇ ਇਰਾਦੇ ਨਾਲ ਆਏ ਹਾਂ ਤੇ ਸਾਡੀ ਟੀਮ ਅਜਿਹਾ ਕਰਨ ਦੇ ਸਮਰਥ ਹੈ।’ ਜਰਮਨੀ ਦੀ ਟੀਮ ਪਾਕਿਸਤਾਨ, ਮਲੇਸ਼ੀਆ ਤੇ ਨੀਦਰਲੈਂਡ ਨਾਲ ਪੂਲ ਡੀ ਵਿੱਚ ਹੈ। ਇਸ ਦੌਰਾਨ ਆਇਰਲੈਂਡ ਦੀ ਟੀਮ ਵੀ ਅੱਜ ਸ਼ਾਮ ਸਮੇਂ ਇਥੇ ਪੁੱਜ ਗਈ। ਆਇਰਿਸ਼ ਟੀਮ ਆਸਟਰੇਲੀਆ, ਇੰਗਲੈਂਡ ਤੇ ਚੀਨ ਨਾਲ ਪੂਲ ਬੀ ਵਿੱਚ ਹੈ।