ਚਾਈਨਾ ਓਪਨ: ਸਿੰਧੂ ਤੇ ਸ੍ਰੀਕਾਂਤ ਕੁਆਰਟਰ ਫਾਈਨਲ ਵਿਚ ਹਾਰੇ

ਓਲੰਪਿਕ ਤਗ਼ਮਾ ਜੇਤੂ ਭਾਰਤੀ ਖਿਡਾਰਨ ਪੀਵੀ ਸਿੰਧੂ ਅੱਜ ਇਕ ਵਾਰ ਫੇਰ ਸਥਾਨਕ ਖਿਡਾਰੀ ਬਿੰਗਜਿਆਓ ਦੀ ਚੁਣੌਤੀ ਤੋਂ ਪਾਰ ਨਹੀਂ ਪਾ ਸਕੀ ਤੇ ਚਾਈਨਾ ਓਪਨ ਵਿਸ਼ਵ ਟੂਰ ਸੁਪਰ 750 ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈ। ਬਿੰਗਜਿਆਓ ਨੇ ਸ਼ੁੱਕਰਵਾਰ ਨੂੰ ਇੱਥੇ ਤੀਜਾ ਦਰਜਾ ਪ੍ਰਾਪਤ ਸਿੰਧੂ ਨੂੰ 17-21, 21-17, 15-21 ਨਾਲ ਮਾਤ ਦਿੱਤੀ। ਅੱਠਵਾਂ ਦਰਜਾ ਪ੍ਰਾਪਤ ਇਸ ਖਿਡਾਰਨ ਦੀ ਸਿੰਧੂ ਉੱਤੇ ਇਹ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਸੰਸਾਰ ਦਰਜਾਬੰਦੀ ਵਿਚ ਸੱਤਵੇਂ ਸਥਾਨ ’ਤੇ ਕਾਬਜ਼ ਬਿੰਗਜਿਆਓ ਨੇ ਸਿੰਧੂ ਨੂੰ ਜੁਲਾਈ ਵਿਚ ਇੰਡੋਨੇਸ਼ੀਆ ਓਪਨ ਤੇ ਅਕਤੂਬਰ ਵਿਚ ਫਰਾਂਸ ਓਪਨ ਵਿਚ ਹਰਾਇਆ ਸੀ। ਪਹਿਲੇ ਗੇਮ ਵਿਚ 8-3 ਦੀ ਚੜ੍ਹਤ ਬਣਾਉਣ ਦੇ ਬਾਵਜੂਦ ਸਿੰਧੂ ਉਸ ਨੂੰ ਬਰਕਰਾਰ ਨਹੀਂ ਰੱਖ ਸਕੀ। ਦੂਜੇ ਗੇਮ ਵਿਚ ਸਥਿਤੀ ਪਹਿਲੇ ਗੇਮ ਦੇ ਉਲਟ ਰਹੀ ਤੇ ਬਿੰਗਜਿਆਓ ਨੇ ਸ਼ੁਰੂਆਤ ਵਿਚ ਹੀ 4-2 ਦੀ ਲੀਡ ਬਣਾ ਲਈ। ਇਸ ਤੋਂ ਇਲਾਵਾ ਇਕ ਹੋਰ ਮੁਕਾਬਲੇ ਵਿਚ ਕਿਦਾਂਬੀ ਸ੍ਰੀਕਾਂਤ ਵੀ ਕੁਆਰਟਰ ਫਾਈਨਲ ਮੁਕਾਬਲਾ ਹਾਰ ਗਏ। ਸ੍ਰੀਕਾਂਤ ਸੰਸਾਰ ਦੇ ਤੀਜੇ ਦਰਜੇ ਦੇ ਖਿਡਾਰੀ ਚੀਨੀ-ਤਾਈਪੈ ਦੇ ਚੋਉ ਤਿਏਨ ਚੇਨ ਤੋਂ ਸਿੱਧੀ ਗੇਮ ਵਿਚ ਹੀ ਮਾਤ ਖਾ ਗਏ। ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਚੇਨ ਨੇ 35 ਮਿੰਟ ਚੱਲੇ ਮੁਕਾਬਲੇ ਵਿਚ ਸ੍ਰੀਕਾਂਤ ਨੂੰ 21-14, 21-14 ਨਾਲ ਮਾਤ ਦਿੱਤੀ।