ਗਰੀਨਲੈਂਡ ਕ੍ਰਿਕਟ ਕਲੱਬ ਵੱਲੋਂ ਇਥੇ ਪ੍ਰਧਾਨ ਇੰਦਰਜੀਤ ਗੁਪਤਾ ਅਤੇ ਚੇਅਰਮੈਨ ਗੁਰਬਖਸ਼ ਚੌਧਰੀ ਦੀ ਅਗਵਾਈ ਹੇਠ ਸ਼ੁਰੂ ਕਰਵਾਇਆ ਗਿਆ 40ਵਾਂ ਕ੍ਰਿਸਮਿਸ ਕੱਪ ਓਪਨ ਪੰਜਾਬ ਟੂਰਨਾਮੈਂਟ ਅੱਜ ਤੀਸਰੇ ਦਿਨ ਵਿੱਚ ਦਾਖਲ ਹੋ ਗਿਆ। ਅੱਜ ਬਨੀਖੇਤ ਇਲੈਵਨ (ਹਿਮਾਚਲ ਪ੍ਰਦੇਸ਼) ਅਤੇ ਗੁਰਦਾਸਪੁਰ ਇਲੈਵਨ ਦੀਆਂ ਟੀਮਾਂ ਦਰਮਿਆਨ ਮੈਚ ਖੇਡਿਆ ਗਿਆ, ਜਿਸ ਵਿੱਚ ਗੁਰਦਾਸਪੁਰ ਇਲੈਵਨ ਦੀ ਟੀਮ 66 ਦੌੜਾਂ ਦੇ ਅੰਤਰ ਨਾਲ ਜੇਤੂ ਹੋਈ। ਅੱਜ ਦਾ ਮੈਚ ਮੁੱਖ ਮਹਿਮਾਨ ਸੀਐਨਆਈ ਚਰਚ ਦੇ ਮੁੱਖ ਪਾਧਰੀ ਰੋਹਿਤ ਵਿਲੀਅਮ ਵੱਲੋਂ ਖਿਡਾਰੀਆਂ ਨਾਲ ਜਾਣ-ਪਛਾਣ ਕਰਨ ਉਪਰੰਤ ਸ਼ੁਰੂ ਕਰਵਾਇਆ ਗਿਆ। ਕਲੱਬ ਦੇ ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਅਨੁਸਾਰ ਟਾਸ ਜਿੱਤ ਕੇ ਪਹਿਲਾਂ ਗੁਰਦਾਸਪੁਰ ਇਲੈਵਨ ਦੀ ਟੀਮ ਨੇ ਖੇਡਣਾ ਸ਼ੁਰੂ ਕੀਤਾ ਅਤੇ ਇਸ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਪਿੱਛੇ 167 ਦੌੜਾਂ ਬਣਾਈਆਂ। ਇਸ ਦੇ ਬਾਅਦ ਬਨੀਖੇਤ ਇਲੈਵਨ ਦੀ ਟੀਮ ਕੋਈ ਵਧੀਆ ਪ੍ਰਦਰਸ਼ਨ ਨਾ ਦਿਖਾ ਸਕੀ ਤੇ ਇਸ ਦੇ ਖਿਡਾਰੀ ਜਲਦੀ ਦੌੜਾਂ ਬਣਾਉਣ ਦੇ ਚੱਕਰ ਵਿੱਚ ਆਊਟ ਹੋਣੇ ਸ਼ੁਰੂ ਹੋ ਗਏ ਤੇ ਇਹ ਸਿਰਫ 101 ਦੌੜਾਂ ਹੀ ਬਣਾ ਸਕੇ। ਗੁਰਦਾਸਪੁਰ ਦੇ ਖਿਡਾਰੀ ਕਰਨ ਨੂੰ 6 ਖਿਡਾਰੀਆਂ ਨੂੰ ਆਊਟ ਕਰਨ ਅਤੇ 10 ਦੌੜਾਂ ਬਣਾਉਣ ਸਦਕਾ ਮੈਨ ਆਫ ਮੈਚ ਦਾ ਖਿਤਾਬ ਦਿੱਤਾ ਗਿਆ।
Sports ਗੁਰਦਾਸਪੁਰ ਇਲੈਵਨ ਦੀ ਟੀਮ 66 ਦੌੜਾਂ ਨਾਲ ਜੇਤੂ