ਗਗਨਦੀਪ ਦੇ ਗੋਲ ਨਾਲ ਪੀਐਨਬੀ ਨੇ ਪੰਜਾਬ ਪੁਲੀਸ ਨੂੰ ਹਰਾਇਆ

ਚੰਡੀਗੜ੍ਹ- ਇੱਥੇ ਸੈਕਟਰ 42 ਵਿਚ ਚੱਲ ਰਹੇ 29ਵੇਂ ਲਾਲ ਬਹਾਦਰ ਸ਼ਾਸਤਰੀ ਹਾਕੀ ਟੂਰਨਾਮੈਂਟ ਵਿਚ ਅੱਜ ਪੰਜਾਬ ਨੈਸ਼ਨਲ ਬੈਂਕ ਨੇ ਪੰਜਾਬ ਪੁਲੀਸ ਨੂੰ 2-1 ਗੋਲਾਂ ਨਾਲ ਹਰਾ ਦਿੱਤਾ। ਪੀਐੱਨਬੀ ਦੇ ਗਗਨਦੀਪ ਜੂਨੀਅਰ ਦੇ ਵੱਲੋਂ ਮੈਚ ਦੇ ਅਖ਼ਰੀ ਮਿੰਟਾਂ ਵਿਚ ਕੀਤੇ ਗੋਲ ਨੇ ਪੰਜਾਬ ਪੁਲੀਸ ਦੀਆਂ ਯੋਜਨਾਵਾਂ ਉੱਤੇ ਲੀਕ ਫੇਰ ਦਿੱਤੀ। ਪੰੰਜਾਬ ਪੁਲੀਸ ਦੇ ਬਲਵਿੰਦਰ ਸਿੰਘ ਦੇ ਵੱਲੋਂ ਕੀਤੇ ਗੋਲ ਨਾਲ ਭਾਵੇਂ ਪੁਲੀਸ ਨੇ ਬੈਂਕ ਦੀ ਬਰਾਬਰੀ ਕਰ ਲਈ ਸੀ ਪਰ ਗਗਨਦੀਪ ਨੇ 68ਵੇਂ ਮਿੰਟ ਵਿਚ ਗੋਲ ਕਰਕੇ ਬੈਂਕ ਦੀ ਜਿੱਤ ਉੱਤੇ ਮੋਹਰ ਲਾ ਦਿੱਤੀ।
ਅੱਜ ਦੋਵਾਂ ਟੀਮਾਂ ਨੇ ਮੈਚ ਦੀ ਸ਼ੁਰੂਆਤ ਹੌਲੀ ਕੀਤੀ। ਬੈਂਕ ਦੇ ਗੁਰਜਿੰਦਰ ਸਿੰਘ ਨੇ 18ਵੇਂ ਮਿੰਟ ਵਿਚ ਗੋਲ ਕਰਕੇ ਪੰਜਾਬ ਪੁਲੀਸ ਦੇ ਖਿਡਾਰੀਆਂ ਨੂੰ ਪਸੀਨੇ ਲਿਆ ਦਿੱਤੇ ਅਤੇ ਪੁਲੀਸ ਦੇ ਬਲਵਿੰਦਰ ਸਿੰਘ ਨੇ 56ਵੇਂ ਮਿੰਟ ਵਿਚ ਗੋਲ ਕਰਕੇ ਬਰਾਬਰੀ ਦਿਵਾ ਦਿੱਤੀ ਪਰ ਗਗਨਦੀਪ ਸਿੰਘ ਦੇ 68ਵੇਂ ਮਿੰਟ ਵਿਚ ਕੀਤੇ ਗੋਲ ਨੇ ਪੰਜਾਬ ਨੈਸ਼ਨਲ ਬੈਂਕ ਦੀ ਜਿੱਤ ਦੇ ਝੰਡੇ ਗੱਡ ਦਿੱਤੇ। ਇਸ ਤੋਂ ਪਹਿਲਾਂ ਹੋਏ ਅੱਜ ਇੱਕ ਹੋਰ ਮੈਚ ਵਿਚ ਏਅਰ ਇੰਡੀਆ ਨੇ ਬੀਐੱਸ ਐੱਫ ਦੀ ਟੀਮ ਨੂੰ 4-2 ਗੋਲਾਂ ਨਾਲ ਹਰਾ ਦਿੱਤਾ ਹੈ।