ਖੇਲੋ ਇੰਡੀਆ: ਮਾਨਵਦਿੱਤਿਆ ਅਤੇ ਮਨੀਸ਼ਾ ਨੇ ਜਿੱਤੇ ਨਿਸ਼ਾਨੇਬਾਜ਼ੀ ਵਿਚ ਸੋਨ ਤਗ਼ਮੇ

ਰਾਜਸਥਾਨ ਦੇ ਮਾਨਵਦਿੱਤਿਆ ਸਿੰਘ ਰਾਠੌਰ ਨੇ ਖੇਲੋ ਇੰਡੀਆ ਯੂਥ ਖੇਡਾਂ ਦੇ ਪੁਰਸ਼ਾਂ ਦੇ ਅੰਡਰ-21 ਵਰਗ ਵਿਚ ਟਰੈਪ ਸ਼ੂਟਿੰਗ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤ ਲਿਆ ਹੈ। ਮਾਨਵਦਿੱਤਿਆ ਜਿੱਥੇ ਦੇਸ਼ ਦੇ ਖੇਡ ਮੰਤਰੀ ਅਤੇ 2004 ਦੀਆਂ ਓਲੰਪਿਕ ਖੇਡਾਂ ਦੇ ਡਬਲਜ਼ ਟਰੈਪ ਮੁਕਾਬਲੇ ਦੇ ਚਾਂਦੀ ਦੇ ਤਗ਼ਮਾ ਜੇਤੂ ਰਾਜਵਰਧਨ ਸਿੰਘ ਰਾਠੌਰ ਦਾ ਪੁੱਤਰ ਹੈ, ਉਥੇ ਇਸੇ ਮੁਕਾਬਲੇ ਵਿਚ ਮਹਿਲਾਵਾਂ ਵਿਚੋਂ ਸੋਨ ਤਗ਼ਮਾ ਜੇਤੂ ਮੱਧ ਪ੍ਰਦੇਸ਼ ਦੀ ਲੜਕੀ ਮਾਨਿਸ਼ਾ ਕੀਰ ਇੱਕ ਮਛੇਰੇ ਦੀ ਧੀ ਹੈ। ਇਹ ਜਾਣਕਾਰੀ ਇੱਥੇ ਮੀਡੀਆ ਨੂੰ ਜਾਰੀ ਕੀਤੇ ਪ੍ਰੈਸ ਬਿਆਨ ਵਿਚ ਦਿੱਤੀ ਗਈ ਹੈ। ਮਨੀਸ਼ਾ ਦਾ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਵੀ ਚਾਂਦੀ ਦਾ ਤਗ਼ਮਾ ਆਇਆ ਸੀ ਅਤੇ ਉਹ ਓਲੰਪੀਅਨ ਮਨਸ਼ੇਰ ਸਿੰਘ ਤੋਂ ਟਰੇਨਿੰਗ ਲੈਂਦੀ ਹੈ। ਮਨੀਸ਼ਾ ਨੇ ਫਾਈਨਲ ਵਿਚ 38-35 ਅੰਕਾਂ ਦੇ ਨਾਲ ਦਿੱਲੀ ਦੀ ਕੀਰਤੀ ਗੁਪਤਾ ਨੂੰ ਪਛਾੜਿਆ। ਪੁਰਸ਼ਾਂ ਦੇ ਵਰਗ ਵਿਚ ਮਾਨਵੇਂਦਰ ਸਿੰਘ ਨੇ ਮੰਨਿਆ ਕਿ ਉਹ ਮੁਕਾਬਲੇ ਦੌਰਾਨ ਨਰਵਿਸ ਸੀ ਅਤੇ ਦਬਾਅ ਵਿਚ ਸੀ। ਪੁਰਸ਼ਾਂ ਦੇ ਵਰਗ ਵਿਚ ਹਰਿਆਣਾ ਦਾ ਭੋਵਨੀਸ਼ ਮਹਿੰਦੀਰੱਤਾ ਦੂਜੇ ਅਤੇ ਉੱਤਰ ਪ੍ਰਦੇਸ਼ ਦਾ ਸ਼ਾਰਦੁਲ ਵਿਹਾਨ ਤੀਜੇ ਸਥਾਨ ਉੱਤੇ ਰਿਹਾ। ਮਹਿਲਾਵਾਂ ਦੇ ਵਰਗ ਵਿਚ ਦਿੱਲੀ ਦੀ ਕੀਰਤੀ ਗੁਪਤਾ ਦੂਜੇ ਅਤੇ ਦਿੱਲੀ ਦੀ ਹੀ ਆਦੀਆ ਤ੍ਰਿਪਾਠੀ ਤੀਜੇ ਸਥਾਨ ਉੱਤੇ ਰਹੀ।