ਪੰਜ ਇੱਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਪਹਿਲਾਂ ਹੀ 3-0 ਨਾਲ ਜਿੱਤ ਚੁੱਕੀ ਭਾਰਤੀ ਟੀਮ ਦੀਆਂ ਨਜ਼ਰਾਂ ਹੁਣ ਵੀਰਵਾਰ ਨੂੰ ਹੂੰਝਾ ਫੇਰੂ ਜਿੱਤ ਪ੍ਰਾਪਤ ਕਰਨ ’ਤੇ ਹੋਣਗੀਆਂ। ਭਾਰਤੀ ਟੀਮ ਦੇ ਸਥਾਈ ਕਪਤਾਨ ਵਿਰਾਟ ਕੋਹਲੀ ਨੂੰ ਅਗਲੇ ਦੋ ਮੈਚਾਂ ਵਿੱਚ ਆਰਾਮ ਦੇਣ ਕਾਰਨ ਰੋਹਿਤ ਸ਼ਰਮਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਦੋਹਰੇ ਸੈਂਕੜੇ ਮਾਰਨ ਵਿੱਚ ਮਾਹਿਰ ਟੀਮ ਦੇ ਕਾਰਜਕਾਰੀ ਕਪਤਾਨ ਰੋਹਿਤ ਵੀ ਇਸ ਮੈਚ ਨੂੰ ‘ਦੋਹਰੇ ਸੈਂਕੜੇ’ ਨਾਲ ਯਾਦਗਾਰ ਬਣਾਉਣਾ ਚਾਹੇਗਾ। ਸੈਡਨ ਪਾਰਕ ਦੀ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਮੰਨੀ ਜਾਂਦੀ ਹੈ। ਇਸ ਲਈ ਲੈਅ ਵਿੱਚ ਚੱਲ ਰਹੇ ਭਾਰਤੀ ਬੱਲੇਬਾਜ਼ਾਂ ਨੂੰ ਰੋਕ ਪਾਉਣਾ ਨਿਊਜ਼ੀਲੈਂਡ ਲਈ ਸੌਖਾ ਨਹੀਂ ਹੋਵੇਗਾ। ਜੇਕਰ ਭਾਰਤ 4-0 ਦੀ ਲੀਡ ਬਣਾ ਲੈਂਦਾ ਹੈ ਤਾਂ 52 ਸਾਲਾਂ ਦੌਰਾਨ ਨਿਊਜ਼ੀਲੈਂਡ ਵਿੱਚ ਇਹ ਉਸ ਦੀ ਸਭ ਤੋਂ ਵੱਡੀ ਜਿੱਤ ਹੋਵੇਗੀ। ਭਾਰਤ ਨੇ ਪਹਿਲੀ ਵਾਰ 1967 ਵਿੱਚ ਨਿਊਜ਼ੀਲੈਂਡ ਦਾ ਦੌਰਾ ਕੀਤਾ ਸੀ। ਬਾਕੀ ਦੋ ਮੈਚਾਂ ਵਿੱਚ ਭਾਰਤ ਕੋਲ ਆਪਣੀ ਸਮਰੱਥਾ ਵਿਖਾਉਣ ਦਾ ਸੁਨਿਹਰੀ ਮੌਕਾ ਹੈ। ਮਹਿੰਦਰ ਸਿੰਘ ਧੋਨੀ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ, ਪਰ ਟੀਮ ਸੂਤਰਾਂ ਅਨੁਸਾਰ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਉਸ ਦੇ ਖੇਡਣ ਸਬੰਧੀ ਫ਼ੈਸਲਾ ਮੌਕੇ ’ਤੇ ਹੀ ਲਿਆ ਜਾਵੇਗਾ। ਧੋਨੀ ਦੇ ਖੇਡਣ ’ਤੇ ਉਹ ਵਿਰਾਟ ਕੋਹਲੀ ਦੀ ਥਾਂ ਲਵੇਗਾ, ਜਿਸ ਨੂੰ ਬਾਕੀ ਮੈਚਾਂ ਤੋਂ ਆਰਾਮ ਦਿੱਤਾ ਗਿਆ ਹੈ। ਹਾਲਾਂਕਿ ਪ੍ਰਤਿਭਾਸ਼ਾਲੀ ਸ਼ੁਭਮਨ ਗਿੱਲ ਨੂੰ ਵੀ ਸੀਨੀਅਰ ਟੀਮ ਦੀ ਜਰਸੀ ਪਹਿਨਣ ਦਾ ਮੌਕਾ ਦਿੱਤਾ ਜਾ ਸਕਦਾ ਹੈ। ਕ੍ਰਿਕਟ ਦੇ ਪੰਡਿਤ ਉਸ ਦੇ ਸਟ੍ਰੋਕਸ ਵਿੱਚ ਵਿਰਾਟ ਕੋਹਲੀ ਦੇ ਸ਼ਾਟਾਂ ਦੀ ਝਲਕ ਵੇਖਦੇ ਹਨ।ਕੋਹਲੀ ਨੇ ਮਾਊਂਟ ਮਾਉਂਗਨੁਈ ਵਿੱਚ ਜਿੱਤ ਮਗਰੋਂ ਕਿਹਾ ਸੀ, ‘‘ਜਦੋਂ ਮੈਂ 19 ਸਾਲ ਦਾ ਸੀ ਤਾਂ ਸ਼ੁਭਮਨ ਦਾ ਦਸ ਫ਼ੀਸਦੀ ਵੀ ਨਹੀਂ ਸੀ।’’ ਕੋਹਲੀ ਦੀ ਪ੍ਰਸ਼ੰਸਾ ਮਗਰੋਂ ਕੋਚ ਰਵੀ ਸ਼ਾਸਤਰੀ ਅਤੇ ਰੋਹਿਤ ਉਸ ਨੂੰ ਚੌਥੇ ਨੰਬਰ ’ਤੇ ਮੌਕਾ ਦੇ ਸਕਦੇ ਹਨ, ਜਿੱਥੇ ਅੰਬਾਤੀ ਰਾਇਡੂ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਗਿੱਲ ਅਤੇ ਧੋਨੀ ਦੋਵਾਂ ਦੇ ਖੇਡਣ ’ਤੇ ਦਿਨੇਸ਼ ਕਾਰਤਿਕ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਗੇਂਦਬਾਜ਼ੀ ਵਿੱਚ ਕੁਲਦੀਪ ਯਾਦਵ ਅੱਠ ਅਤੇ ਯੁਜ਼ਵੇਂਦਰ ਚਾਹਲ ਛੇ ਵਿਕਟਾਂ ਲੈ ਚੁੱਕੇ ਹਨ। ਦੋ ਵਾਰ ‘ਮੈਨ ਆਫ ਦਿ ਮੈਚ’ ਰਹਿ ਚੁੱਕੇ ਮੁਹੰਮਦ ਸ਼ਮੀ ਨੂੰ ਆਰਾਮ ਦਿੱਤਾ ਜਾ ਸਕਦਾ ਹੈ, ਜੋ ਆਸਟਰੇਲੀਆ ਖ਼ਿਲਾਫ਼ ਲੜੀ ਦੀ ਸ਼ੁਰੂਆਤ ਮਗਰੋਂ ਲਗਾਤਾਰ ਖੇਡ ਰਿਹਾ ਹੈ। ਸ਼ਮੀ ਨੂੰ ਆਰਾਮ ਦੇਣ ’ਤੇ ਖਲੀਲ ਅਹਿਮਦ ਜਾਂ ਮੁਹੰਮਦ ਸਿਰਾਜ ਨੂੰ ਮੌਕਾ ਮਿਲ ਸਕਦਾ ਹੈ। ਨਿਊਜ਼ੀਲੈਂਡ ਲਈ ਇਹ ਲੜੀ ਹਰ ਵਿਭਾਗ ਵਿੱਚ ਨਮੋਸ਼ੀਜਨਕ ਰਹੀ ਹੈ। ਉਸ ਦੇ ਬੱਲੇਬਾਜ਼ ਕੁਲਦੀਪ ਅਤੇ ਚਾਹਲ ਦੀਆਂ ਗੇਂਦਾਂ ਨੂੰ ਸਮਝ ਨਹੀਂ ਪਾ ਰਹੇ। ਸ਼ਮੀ ਵੀ ਪਹਿਲੇ ਸਪੈਲ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਰਿਹਾ ਹੈ। ਜਿੱਥੇ ਵਿਲੀਅਮਸਨ ਚੰਗੀ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ਵਿੱਚ ਨਹੀਂ ਬਦਲ ਪਾਇਆ, ਉਥੇ ਮਾਰਟਿਨ ਗੁਪਟਿਲ ਵੀ ਫੇਲ੍ਹ ਰਿਹਾ ਹੈ। ਟੌਮ ਲੈਥਮ ਅਤੇ ਰੋਸ ਟੇਲਰ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੇ ਹਨ। ਗੇਂਦਬਾਜ਼ੀ ਵਿੱਚ ਟ੍ਰੈਂਟ ਬੋਲਟ ਨੂੰ ਦੂਜੇ ਗੇਂਦਬਾਜ਼ਾਂ ਦਾ ਸਾਥ ਨਹੀਂ ਮਿਲ ਰਿਹਾ। ਤੇਜ਼ ਗੇਂਦਬਾਜ਼ ਡਗ ਬ੍ਰਾਸਵੈਲ ਅਤੇ ਲੈੱਗ ਸਪਿੰਨਰ ਈਸ਼ ਸੋਢੀ ਵੀ ਨਹੀਂ ਚੱਲ ਸਕਿਆ। ਹਰਫ਼ਨਮੌਲਾ ਜਿੰਮੀ ਨੀਸ਼ਾਮ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਮੈਚ ਸਵੇਰੇ 7.30 ਵਜੇ ਸ਼ੁਰੂ ਹੋਵੇਗਾ।
Sports ਕ੍ਰਿਕਟ: ਭਾਰਤ ਤੇ ਨਿਊਜ਼ੀਲੈਂਡ ’ਚ ਚੌਥਾ ਭੇੜ ਅੱਜ