ਕੋਹਲੀ ਨੂੰ ਸੰਗਾਕਾਰਾ ਦੀ ਬਰਾਬਰੀ ਲਈ ਸੈਂਕੜੇ ਦੀ ਲੋੜ

ਭਾਰਤ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਪੰਜ ਕੌਮਾਂਤਰੀ ਇੱਕ ਰੋਜ਼ਾ ਮੈਚਾਂ ਦੀ ਲੜੀ ਵਿੱਚ ਲੀਡ ਬਣਾਉਣ ਲਈ ਸੋਮਵਾਰ ਨੂੰ ਚੌਥਾ ਇੱਕ ਰੋਜ਼ਾ ਮੈਚ ਜਿੱਤਣਾ ਲਾਜ਼ਮੀ ਬਣ ਗਿਆ ਹੈ। ਭਾਰਤ ਇਹ ਲੀਡ ਤਾਂ ਹੀ ਪ੍ਰਾਪਤ ਕਰ ਸਕਦਾ ਹੈ, ਜੇਕਰ ‘ਸੰਤੁਲਿਤ’ ਟੀਮ ਹੋਵੇ। ਭਾਰਤੀ ਟੀਮ ਸ਼ਨਿੱਚਰਵਾਰ ਨੂੰ ਪੁਣੇ ਵਿੱਚ ਪੰਜ ਮਾਹਰ ਗੇਂਦਬਾਜ਼ਾਂ ਨਾਲ ਉਤਰੀ ਸੀ, ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਦੌਰੇ ’ਤੇ ਇੱਥੇ ਆਈ ਵੈਸਟ ਇੰਡੀਜ਼ ਖ਼ਿਲਾਫ਼ ਭਾਰਤ ਦੀ ਇਹ ਪਹਿਲੀ ਹਾਰ ਹੈ। ਲੜੀ ਹੁਣ 1-1 ਨਾਲ ਬਰਾਬਰ ਚੱਲ ਰਹੀ ਹੈ, ਜਦੋਂਕਿ ਦੋ ਮੈਚ ਖੇਡਣੇ ਬਾਕੀ ਹਨ। ਇਸ ਲਈ ਭਾਰਤ ਦੀਆਂ ਨਜ਼ਰਾਂ ਸੰਤੁਲਿਤ ਪ੍ਰਦਰਸ਼ਨ ਕਰਨ ’ਤੇ ਹੋਣਗੀਆਂ। ਵਿਰਾਟ ਕੋਹਲੀ ਦੀ ਟੀਮ ਨੇ ਜੇਕਰ ਲੜੀ ਵਿੱਚ ਲੀਡ ਬਣਾਉਣੀ ਹੈ ਤਾਂ ਉਸ ਨੂੰ ਕੱਲ੍ਹ ਦਾ ਮੈਚ ਹਰ ਹਾਲ ਜਿੱਤਣਾ ਹੋਵੇਗਾ। ਜ਼ਬਰਦਸਤ ਫਾਰਮ ਵਿੱਚ ਚੱਲ ਰਹੇ ਭਾਰਤੀ ਕਪਤਾਨ ਵਿਰਾਟ ਕੋਲ ਚੌਥੇ ਇੱਕ ਰੋਜ਼ਾ ਵਿੱਚ ਸ੍ਰੀਲੰਕਾ ਦੇ ਕੁਮਾਰ ਸੰਗਾਕਾਰਾ ਦੇ ਲਗਾਤਾਰ ਚਾਰ ਸੈਂਕੜੇ ਮਾਰਨ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਦਾ ਮੌਕਾ ਹੋਵੇਗਾ। ਵਿਰਾਟ ਨੇ ਵਿੰਡੀਜ਼ ਖ਼ਿਲਾਫ਼ ਮੌਜੂਦਾ ਇੱਕ ਰੋਜ਼ਾ ਦੇ ਪਹਿਲੇ ਤਿੰਨ ਮੈਚਾਂ ਵਿੱਚ 140, ਨਾਬਾਦ 157 ਅਤੇ 107 ਦੌੜਾਂ ਬਣਾਈਆਂ ਹਨ। ਭਾਰਤ ਨੇ ਗੁਹਾਟੀ ਵਿੱਚ ਪਹਿਲਾ ਮੈਚ ਜਿੱਤਿਆ ਹੈ। ਵਿਸਾਖਾਪਟਨਮ ਵਿੱਚ ਦੂਜਾ ਟਾਈ ਰਿਹਾ ਅਤੇ ਪੁਣੇ ਵਿੱਚ ਤੀਜਾ ਮੈਚ ਹਾਰ ਗਿਆ। ਵਿਰਾਟ ਨੇ ਲਗਾਤਾਰ ਤਿੰਨ ਸੈਂਕੜੇ ਮਾਰ ਕੇ ਭਾਰਤੀ ਕ੍ਰਿਕਟ ਵਿੱਚ ਵੱਡੀ ਉਪਲਬਧੀ ਹਾਸਲ ਕਰ ਲਈ ਹੈ। ਉਹ ਇੱਕ ਰੋਜ਼ਾ ਵਿੱਚ ਲਗਾਤਾਰ ਤਿੰਨ ਸੈਂਕੜੇ ਮਾਰਨ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਭਾਰਤੀ ਕਪਤਾਨ ਸਾਹਮਣੇ ਹੁਣ ਸੰਗਾਕਾਰਾ ਦਾ 2015 ਦਾ ਵਿਸ਼ਵ ਰਿਕਾਰਡ ਹੈ। ਸੰਗਾਕਾਰਾ ਨੇ 2015 ਦੇ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਖ਼ਿਲਾਫ਼ ਨਾਬਾਦ 105, ਇੰਗਲੈਂਡ ਖ਼ਿਲਾਫ਼ ਨਾਬਾਦ 117, ਆਸਟਰੇਲੀਆ ਖ਼ਿਲਾਫ਼ 104 ਅਤੇ ਸਕਾਟਲੈਂਡ ਖ਼ਿਲਾਫ਼ 124 ਦੌੜਾਂ ਬਣਾਈਆਂ ਸਨ। ਇੱਕ ਰੋਜ਼ਾ ਵਿੱਚ ਲਗਾਤਾਰ ਤਿੰਨ ਸੈਂਕੜੇ ਮਾਰਨ ਵਾਲੇ ਹੋਰ ਬੱਲੇਬਾਜ਼ਾਂ ਵਿੱਚ ਪਾਕਿਸਤਾਨ ਦੇ ਜ਼ਹੀਰ ਅੱਬਾਸ, ਸਈਦ ਅਨਵਰ ਅਤੇ ਬਾਬਰ ਆਜ਼ਮ, ਦੱਖਣੀ ਅਫਰੀਕਾ ਦੇ ਹਰਸਲ ਗਿਬਸ, ਏਬੀ ਡਿਵਿਲੀਅਰਜ਼ ਅਤੇ ਕਵਿੰਟਨ ਡਿ ਕਾਕ, ਨਿਊਜ਼ੀਲੈਂਡ ਦੇ ਰਾਸ ਟੇਲਰ ਅਤੇ ਇੰਗਲੈਂਡ ਦੇ ਜੌਹਨੀ ਬੇਅਰਸਟਾਅ ਸ਼ਾਮਲ ਹਨ। ਵਿਰਾਟ ਦਾ ਤੀਜੇ ਇੱਕ ਰੋਜ਼ਾ ਵਿੱਚ ਸੈਂਕੜਾ ਉਸ ਦੇ ਇੱਕ ਰੋਜ਼ਾ ਕਰੀਅਰ ਦਾ 38ਵਾਂ, ਟੀਚੇ ਦਾ ਪਿੱਛਾ ਕਰਦਿਆਂ 23ਵਾਂ, ਲਗਾਤਾਰ ਤੀਜਾ ਅਤੇ ਕੁੱਲ 62ਵਾਂ ਕੌਮਾਂਤਰੀ ਸੈਂਕੜਾ ਸੀ। ਕੁੱਲ ਕੌਮਾਂਤਰੀ ਸੈਂਕੜੇ ਬਣਾਉਣ ਦੇ ਮਾਮਲੇ ਵਿੱਚ ਵਿਰਾਟ ਹੁਣ ਦੱਖਣੀ ਅਫਰੀਕਾ ਦੇ ਜੈਕਸ ਕੈਲਿਸ ਦੀ ਬਰਾਬਰੀ ’ਤੇ ਆ ਗਿਆ ਹੈ ਅਤੇ ਸਾਂਝੇ ਤੌਰ ’ਤੇ ਚੌਥੇ ਨੰਬਰ ’ਤੇ ਹੈ।