ਕੋਹਲੀ ਅਤੇ ਧੋਨੀ ਦੇ ਕਰਾਰੇ ਜਵਾਬ ਨਾਲ ਭਾਰਤ ਨੇ ਮੈਚ ਜਿੱਤਿਆ

ਵਿਰਾਟ ਕੋਹਲੀ ਵਲੋਂ ਆਪਣੇ ਸਭ ਤੋਂ ਮਨਪਸੰਦ ਮੈਦਾਨ ਉੱਤੇ ਖੇਡੀ ਸ਼ਾਨਦਾਰ ਪਾਰੀ ਅਤੇ ਮਹਿੰਦਰ ਸਿੰਘ ਧੋਨੀ ਵੱਲੋਂ ਆਪਣੀ ‘ਫਿਨਿਸ਼ਰ’ ਵਜੋਂ ਨਿਭਾਈ ਭੂਮਿਕਾ ਦੇ ਸਿਰ ਉੱਤੇ ਭਾਰਤ ਨੇ ਮੰਗਲਵਾਰ ਨੂੰ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਆਸਟਰੇਲੀਆ ਨੂੰ ਛੇ ਵਿਕਟਾਂ ਦੇ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ ਹੈ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੇ ਦੋ ਸਰਵੋਤਮ ਬੱਲੇਬਾਜ਼ਾਂ ਨੇ ਜਦੋਂ ਆਪਣਾ ਕਮਾਲ ਦਿਖਾਇਆ ਤਾਂ ਟੀਮ ਨੂੰ 299 ਦੌੜਾਂ ਦਾ ਟੀਚਾ ਹਾਸਲ ਕਰਨਾ ਆਸਾਨ ਲੱਗਣ ਲੱਗਾ। ਕੋਹਲੀ ਨੇ 112 ਗੇਂਦਾਂ ਵਿਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 104 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਧੋਨੀ ਨੇ 54 ਗੇਂਦਾਂ ਵਿਚ ਨਾਬਾਦ 55 ਦੌੜਾਂ ਦੀ ਪਾਰੀ ਖੇਡੀ, ਇਸ ਦੇ ਵਿਚ ਦੋ ਛੱਕੇ ਵੀ ਸ਼ਾਮਲ ਹਨ। ਇਸ ਤੋਂ ਬਾਅਦ ਉਸ ਨੇ ਜੇਤੂ ਸ਼ਾਟ ਲਾ ਕੇ ਹੀ ਸਾਹ ਲਿਆ। ਭਾਰਤ ਨੇ ਚਾਰ ਗੇਂਦਾਂ ਰਹਿੰਦਿਆਂ ਹੀ ਚਾਰ ਵਿਕਟਾਂ ਗਵਾ ਕੇ ਟੀਚਾ ਹਾਸਲ ਕਰ ਲਿਆ। ਭਾਰਤ ਦੀ ਇਸ ਜਿੱਤ ਵਿਚ ਭੁਵਨੇਸ਼ਵਰ ਕੁਮਾਰ ਵੱਲੋਂ ਲਈਆਂ ਚਾਰ ਵਿਕਟਾਂ ਅਤੇ ਮੁਹੰਮਦ ਸ਼ਮੀ ਵੱਲੋਂ ਲਈਆਂ ਤਿੰਨ ਵਿਕਟਾਂ ਦਾ ਖਾਸ ਯੋਗਦਾਨ ਰਿਹਾ। ਰੋਹਿਤ ਸ਼ਰਮਾ (43) ਅਤੇ ਧਵਨ ਨੇ ਪਹਿਲੇ ਵਿਕਟ ਲਈ 47 ਦੌੜਾਂ ਵੀ ਜੋੜੀਆਂ। ਰੋਹਿਤ ਨੇ ਇਸ ਸਾਂਝੇਦਾਰੀ ਦੌਰਾਨ ਦਰਸ਼ਕ ਦੀ ਭੂਮਿਕਾ ਨਿਭਾਈ ਅਤੇ ਦੂਜੀ ਵਿਕਟ ਦੇ ਲਈ ਕੋਹਲੀ ਨਾਲ 54 ਦੌੜਾਂ ਜੋੜੀਆਂ। ਕੋਹਲੀ ਨੇ ਰੋਹਿਤ ਦੇ ਆਊਟ ਹੋਣ ਬਾਅਦ ਅੰਬਾਤੀ ਰਾਇਡੂ ਨਾਲ ਮਿਲ ਕੇ 59 ਦੌੜਾਂ ਦੀ ਸਾਂਝੇਦਾਰੀ ਵੀ ਨਿਭਾਈ। ਇਸ ਤੋਂ ਬਾਅਦ ਕੋਹਲੀ ਅਤੇ ਧੋਨੀ ਨੇ ਮਿਲ ਕੇ ਚੌਥੇ ਵਿਕਟ ਦੇ ਲਈ 82 ਦੌੜਾਂ ਜੋੜੀਆਂ। ਕੋਹਲੀ ਨੇ ਇਕ ਰੋਜ਼ਾ ਮੈਚ ਵਿਚ 39ਵਾਂ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿਚ 64ਵਾਂ ਸੈਂਕੜਾ ਪੂਰਾ ਕੀਤਾ। ਕੋਹਲੀ ਨੇ ਜਦੋਂ ਰਿਚਰਡਸਨ ਦੀ ਗੇਂਦ ਉੱਤੇ ਕੈਚ ਦਿੱਤਾ ਤਾਂ ਮੈਚ ਰੋਮਾਂਚਿਕ ਸਥਿਤੀ ਵਿਚ ਪੁੱਜ ਗਿਆ ਜਦੋਂ ਉਹ ਆਊਟ ਹੋਇਆ ਤਾਂ ਭਾਰਤ ਨੂੰ 38 ਗੇਂਦਾਂ ਦੇ ਵਿਚ 57 ਦੌੜਾ ਚਾਹੀਦੀਆਂ ਸਨ। ਉਸ ਸਮੇਂ ਧੋਨੀ ਅਤੇ ਦਿਨੇਸ਼ ਕਾਰਤਿਕ (ਨਾਬਾਦ 25) ਕਰੀਜ਼ ਉੱਤੇ ਸਨ। ਦੋਵਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਸ਼ਾਨ ਮਾਰਸ਼ ਦੇ ਸੱਤਵੇਂ ਸੈਂਕੜੇ ਤੋਂ ਬਾਅਦ ਡੈੱਥ ਓਵਰਾਂ ਵਿਚ ਭੁਵਨੇਸ਼ਵਰ ਕੁਮਾਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮੱਦਦ ਨਾਲ ਭਾਰਤ ਨੇ ਆਸਟੇਲੀਆ ਨੂੰ ਮੰਗਲਵਾਰ ਨੂੰ 298 ਦੌੜਾਂ ਉੱਤੇ ਰੋਕ ਲਿਆ। ਆਸਟਰੇਲੀਆ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਸ ਦੇ ਦੋ ਵਿਕਟ 26 ਦੌੜਾਂ ਉੱਤੇ ਡਿਗ ਗਏ। ਮਾਰਸ਼ ਨੇ 11 ਚੌਕਿਆਂ ਅਤੇ ਤਿੰਨ ਸ਼ੱਕਿਆਂ ਦੇ ਨਾਲ 131 ਦੌੜਾਂ ਬਣਾਈਆਂ। ਉਸ ਨੇ ਗਲੈਨ ਮੈਕਸਵੈੱਲ ਦੇ ਨਾਲ 65 ਗੇਂਦਾਂ ਵਿਚ 94 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਮੈਕਸਵੈੱਲ ਨੇ 37 ਗੇਂਦਾਂ ਵਿਚ 48 ਦੌੜਾਂ ਦੀ ਪਾਰੀ ਖੇਡੀ। ਆਸਟਰੇਲੀਆ ਨੇ ਸਵੇਰੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।