ਕੁਲਭੂਸ਼ਣ ਜਾਧਵ ਬਾਰੇ ਪਾਕਿਸਤਾਨੀ ਮੰਤਰੀ ਦੀਆਂ ਟਿੱਪਣੀਆਂ ਕੱਟੇ ਜਾਣ ਤੋਂ ਹੰਗਾਮਾ

ਬੀਬੀਸੀ ਨੇ ਪਾਕਿਸਤਾਨ ਦੇ ਖ਼ਜ਼ਾਨਾ ਮੰਤਰੀ ਅਸਦ ਉਮਰ ਨਾਲ ਕੀਤੀ ਇੰਟਰਵਿਊ ’ਚ ਸਜ਼ਾ-ਏ-ਮੌਤ ਦੀ ਕਤਾਰ ਵਿਚ ਲੱਗੇ ਭਾਰਤੀ ਕੈਦੀ ਕੁਲਭੂਸ਼ਨ ਜਾਧਵ ਦਾ ਜ਼ਿਕਰ ਕੱਟ ਦੇਣ ਦੇ ਆਪਣੇ ਫ਼ੈਸਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਇਹ ਕੋਈ ਸੈਂਸਰਸ਼ਿਪ ਦੀ ਕਾਰਵਾਈ ਨਹੀਂ ਹੈ।
ਬੀਬੀਸੀ ਦੇ ਹਾਰਡਟਾੱਕ ਪ੍ਰੋਗਰਾਮ ਲਈ ਸਟੀਫਨ ਸੈਕੱਰ ਨਾਲ ਇੰਟਰਵਿਊ ਵਿਚ ਖ਼ਜ਼ਾਨਾ ਮੰਤਰੀ ਉਮਰ ਨੇ ਪਾਕਿਸਤਾਨ ਦੀ ਆਰਥਿਕਤਾ ਅਤੇ ਚੀਨ-ਪਾਕਿਸਤਾਨ ਆਰਥਿਕ ਲਾਂਘੇ ਸਮੇਤ ਕੌਮੀ ਤੇ ਕੌਮਾਂਤਰੀ ਮਹੱਤਵ ਦੇ ਵੱਖ ਵੱਖ ਮੁੱਦਿਆਂ ’ਤੇ ਸਵਾਲਾਂ ਦੇ ਜਵਾਬ ਦਿੱਤੇ ਸਨ। ਉਂਜ, ਟੀਵੀ ’ਤੇ ਪ੍ਰਸਾਰਤ ਕੀਤੀ ਗਈ ਇੰਟਰਵਿਊ ਵਿਚ ਜਾਧਵ ਬਾਰੇ ਸਵਾਲਾਂ ਦਾ ਹਿੱਸਾ ਕੱਟ ਦਿੱਤਾ ਗਿਆ। ਪਾਕਿਸਤਾਨ ਦੀ ਇਨਸਾਨੀ ਹਕੂਕ ਬਾਰੇ ਮੰਤਰੀ ਸ਼ਿਰੀਨ ਮਜ਼ਾਰੀ ਨੇ ਜਾਧਵ ਬਾਰੇ ਹਿੱਸੇ ਦੀ ਕਾਂਟ ਛਾਂਟ ਕਰਨ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਆਖਿਆ ‘‘ ਬੀਬੀਸੀ ਨੇ ਜਿਵੇਂ ਭਾਰਤੀ ਜਾਸੂਸ ਜਾਧਵ ਬਾਰੇ ਅਸਦ ਵਲੋਂ ਕੀਤੇ ਹਵਾਲੇ ਨੂੰ ਕੱਟਿਆ ਹੈ ਉਹ ਬਹੁਤ ਹੀ ਸ਼ਰਮਨਾਕ ਗੱਲ ਹੈ ਤੇ ਦਿਖਾਉਂਦਾ ਹੈ ਕਿ ਬੀਬੀਸੀ ਕਿੰਨੀ ਉਲਾਰ ਹੋ ਸਕਦੀ ਹੈ।’’
ਬੀਬੀਸੀ ਹਾਰਡਟਾੱਕ ਨੇ ਟਵਿਟਰ ’ਤੇ ਸਪੱਸ਼ਟ ਕੀਤਾ ਕਿ ਜਾਧਵ ਦਾ ਨਾਂ ਟੀਵੀ ਪ੍ਰਸਾਰਨ ਵਿੱਚੋਂ ਕੱਟਿਆ ਗਿਆ ਸੀ ਪਰ ਰੇਡੀਓ ਪ੍ਰਸਾਰਨ ’ਚੋਂ ਨਹੀਂ ਤੇ ਇਹ ਮੰਤਰੀ ਦੇ ਸ਼ਬਦਾਂ ਨੂੰ ਸੈਂਸਰ ਕਰਨ ਲਈ ਬਿਲਕੁਲ ਵੀ ਨਹੀਂ ਕੀਤਾ ਗਿਆ। ਇਸ ਦਾ ਕਹਿਣਾ ਹੈ ਕਿ ਰਿਕਾਰਡ ਕੀਤੀ ਗਈ ਇੰਟਰਵਿਉੂ ਬਹੁਤ ਜ਼ਿਆਦਾ ਲੰਬੀ ਸੀ ਜਿਸ ਕਰ ਕੇ ਇਸ ਦਾ ਸੰਪਾਦਨ ਕਰਨਾ ਪਿਆ ਸੀ।
ਬੀਬੀਸੀ ਦੇ ਸਪੱਸ਼ਟੀਕਰਨ ’ਤੇ ਬੀਬੀ ਮਜ਼ਾਰੀ ਨੇ ਕਿਹਾ ‘‘ ਸਪੱਸ਼ਟੀਕਰਨ ਵੀ ਓਨਾ ਹੀ ਤਰਸਯੋਗ ਹੈ ਜਿੰਨੀ ਪਹਿਲੀ ਕਾਰਵਾਈ ਸੀ। ਭਾਰਤ ਤੋਂ ਇਵਜ਼ਾਨਾ ਲੈਣ ਲਈ ਬੀਬੀਸੀ ਅਕਸਰ ਇਹੋ ਜਿਹਾ ਪੱਖਪਾਤ ਕਰਦੀ ਰਹਿੰਦੀ ਹੈ।’