ਕਿਸੇ ਵੀ ਟੀਮ ਤੋਂ ਨਹੀਂ ਡਰਦੀ ਭਾਰਤੀ ਹਾਕੀ ਟੀਮ: ਰਾਣੀ

ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦਾ ਮੰਨਣਾ ਹੈ ਕਿ ਇਸ ਸਾਲ ਸੀਨੀਅਰ ਰੈਂਕਿੰਗ ਵਾਲੀਆਂ ਟੀਮਾਂ ਖ਼ਿਲਾਫ਼ ਮਿਲੀ ਸਫਲਤਾ ਨੇ ਭਾਰਤੀ ਟੀਮ ਵਿੱਚ ਨਵਾਂ ਆਤਮਵਿਸ਼ਵਾਸ ਭਰਿਆ ਹੈ। ਹੁਣ ਉਹ ਕਿਸੇ ਦਾ ਸਾਹਮਣਾ ਕਰਨ ਤੋਂ ਨਹੀਂ ਡਰਦੀ। ਭਾਰਤੀ ਮਹਿਲਾ ਹਾਕੀ ਟੀਮ ਨੇ 18ਵੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਵੀ ਉਪ ਜੇਤੂ ਰਹੀ। ਲੰਡਨ ਵਿੱਚ ਵੀ ਵਿਸ਼ਵ ਕੱਪ ਵਿੱਚ ਟੀਮ ਕੁਆਰਟਰ ਫਾਈਨਲ ਤੱਕ ਪਹੁੰਚੀ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਚੌਥੇ ਸਥਾਨ ’ਤੇ ਰਹੀ।
ਰਾਣੀ ਨੇ ਕਿਹਾ, ‘‘ਅਸੀਂ ਏਸ਼ਿਆਈ ਖੇਡਾਂ ਅਤੇ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਗ਼ਮਾ ਜਿੱਤਣਾ ਚਾਹੁੰਦੇ ਸੀ, ਪਰ ਕੁੱਲ ਮਿਲਾ ਕੇ ਪਿਛਲੇ ਸਾਲ ਚੰਗਾ ਪ੍ਰਦਰਸ਼ਨ ਰਿਹਾ।’’ ਉਸ ਨੇ ਕਿਹਾ, ‘‘ਰਾਸ਼ਟਰਮੰਡਲ ਖੇਡਾਂ ਵਿੱਚ ਇੰਗਲੈਂਡ ਨੂੰ 2-1 ਗੋਲਾਂ ਨਾਲ ਹਰਾਉਣਾ ਅਤੇ ਵਿਸ਼ਵ ਕੱਪ ਵਿੱਚ ਲੰਡਨ ਵਿੱਚ ਉਸ ਨਾਲ 1-1 ਨਾਲ ਡਰਾਅ ਖੇਡਣਾ ਅਤੇ ਗੋਲਡ ਕੋਸਟ ਵਿੱਚ ਸੈਮੀ ਫਾਈਨਲ ਤੱਕ ਪਹੁੰਚਣ ਨਾਲ ਟੀਮ ਦਾ ਹੌਸਲਾ ਵਧਿਆ ਹੈ।’’ ਰਾਣੀ ਨੇ ਕਿਹਾ, ‘‘ਹੁਣ ਵੱਡੇ ਟੂਰਨਾਮੈਂਟਾਂ ਵਿੱਚ ਸਖ਼ਤ ਚੁਣੌਤੀ ਦੇ ਰਹੇ ਹਾਂ। ਸਾਨੂੰ ਵਿਰੋਧੀ ਟੀਮਾਂ ਹੁਣ ਕਮਜੋਰ ਨਹੀਂ ਸਮਝ ਰਹੀਆਂ ਅਤੇ ਇਹ ਸਾਡੀ ਇਸ ਸਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।’’ ਉਨ੍ਹਾਂ ਕਿਹਾ, ‘‘ਸਾਡੀ ਅੰਡਰ-18 ਟੀਮ ਨੇ ਵੀ ਯੂਥ ਓਲੰਪਿਕ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਨਵੇਂ ਖਿਡਾਰੀ ਉਭਰ ਰਹੇ ਹਨ ਅਤੇ ਸੀਨੀਅਰ ਵੀ ਆਪਣੀ ਕਾਬਲੀਅਤ ਨਾਲ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਟੀਮ ਵਿੱਚ ਥਾਂ ਬਣਾਉਣ ਲਈ ਮੁਕਾਬਲਾ ਵਧ ਰਿਹਾ ਹੈ।’