ਐਡੂਲਜੀ ਨੇ ਮੇਰੇ ਖ਼ਿਲਾਫ਼ ਅਹੁਦੇ ਦੀ ਦੁਰਵਰਤੋਂ ਕੀਤੀ: ਮਿਤਾਲੀ

ਭਾਰਤ ਦੀ ਸੀਨੀਅਰ ਮਹਿਲਾ ਕ੍ਰਿਕਟਰ ਅਤੇ ਇੱਕ ਰੋਜ਼ਾ ਕਪਤਾਨ ਮਿਤਾਲੀ ਰਾਜ ਨੇ ਪ੍ਰਸ਼ਾਸਕਾਂ ਦੀ ਕਮੇਟੀ ਦੀ ਮੈਂਬਰ ਡਾਇਨਾ ਐਡੂਲਜੀ ਅਤੇ ਕੋਚ ਰਮੇਸ਼ ਪਵਾਰ ’ਤੇ ਵਰ੍ਹਦਿਆਂ ਬੀਸੀਸੀਆਈ ਨੂੰ ਚਿੱਠੀ ਲਿਖੀ ਹੈ। ਉਸ ਨੇ ਕਿਹਾ ਕਿ ਦੋਵਾਂ ਦਾ ਰਵੱਈਆ ਪੱਖਪਾਤੀ ਹੈ ਅਤੇ ਉਹ ਉਸ ਦਾ ਕਰੀਅਰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੰਗਲੈਂਡ ਖ਼ਿਲਾਫ਼ ਟੀ-20 ਵਿਸ਼ਵ ਕੱਪ ਸੈਮੀ ਫਾਈਨਲ ਤੋਂ ਬਾਹਰ ਕਰਨ ’ਤੇ ਆਪਣੀ ਚੁੱਪ ਤੋੜਦਿਆਂ ਮਿਤਾਲੀ ਨੇ ਬੀਸੀਸੀਆਈ ਨੂੰ ਲਿਖੀ ਈ-ਮੇਲ ਵਿੱਚ ਕਿਹਾ ਕਿ ਆਪਣੇ ਦੋ ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ ਉਸ ਨੇ ਇਨ੍ਹਾਂ ਬੇਇੱਜ਼ਤ ਕਦੇ ਮਹਿਸੂਸ ਨਹੀਂ ਕੀਤਾ ਅਤੇ ਉਹ ਆਪਣੀਆਂ ਅੱਖਾਂ ਦੇ ਅੱਥਰੂ ਨਹੀਂ ਰੋਕ ਸਕੀ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਬਾਹਰ ਕਰਨ ਦਾ ਸਮਰਥਨ ਕਰਨ ਵਾਲੀ ਐਡੂਲਜੀ ਨੇ ਉਸ ਖਿਲਾਫ਼ ਆਪਣੇ ਅਹੁਦੇ ਦਾ ਫ਼ਾਇਦਾ ਉਠਾਇਆ ਹੈ। ਸੈਮੀ ਫਾਈਨਲ ਵਿੱਚ ਭਾਰਤ ਨੂੰ ਇੰਗਲੈਂਡ ਨੇ ਅੱਠ ਵਿਕਟਾਂ ਨਾਲ ਹਰਾਇਆ ਹੈ। 35 ਸਾਲ ਦੀ ਮਿਤਾਲੀ ਨੇ ਗਰੁਪ ਗੇੜ ਵਿੱਚ ਦੋ ਨੀਮ ਸੈਂਕੜੇ ਮਾਰੇ ਸਨ। ਉਸ ਨੇ ਬੀਸੀਸੀਆਈ ਸੀਈਓ ਰਾਹੁਲ ਜੌਹਰੀ ਅਤੇ ਸਬਾ ਕਰੀਮ ਨੂੰ ਲਿਖੇ ਪੱਤਰ ਵਿੱਚ ਕਿਹਾ, ‘‘ਆਪਣੇ 20 ਸਾਲ ਦੇ ਕਰੀਅਰ ਵਿੱਚ ਪਹਿਲੀ ਵਾਰ ਮੈਂ ਬੇਇੱਜ਼ਤ ਮਹਿਸੂਸ ਕੀਤਾ। ਮੈਨੂੰ ਸੋਚਣ ਲਈ ਮਜ਼ਬੂਰ ਹੋਣਾ ਪਿਆ ਕਿ ਦੇਸ਼ ਲਈ ਮੇਰੀਆਂ ਸੇਵਾਵਾਂ ਦੀ ਅਹਿਮੀਅਤ ਸੱਤਾ ਵਿੱਚ ਮੌਜੂਦ ਕੁੱਝ ਲੋਕਾਂ ਲਈ ਹੈ ਵੀ ਜਾਂ ਨਹੀਂ ਜਾਂ ਉਹ ਮੇਰਾ ਆਤਮਵਿਸ਼ਵਾਸ ਖ਼ਤਮ ਕਰਨਾ ਚਾਹੁੰਦੇ ਹਨ।’’ ਪਵਾਰ ਨੇ ਮਿਤਾਲੀ ਦੇ ਦੋਸ਼ਾਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਜਦਕਿ ਐਡੂਲਜੀ ਨਾਲ ਸੰਪਰਕ ਨਹੀਂ ਹੋ ਸਕਿਆ। ਮਿਤਾਲੀ ਨੇ ਕਿਹਾ, ‘‘ਮੈਂ ਹਮੇਸ਼ਾ ਡਾਇਨਾ ਐਡੂਲਜੀ ’ਤੇ ਭਰੋਸਾ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਮੈਂ ਕਦੇ ਇਹ ਨਹੀਂ ਸੋਚਿਆ ਕਿ ਉਹ ਮੇਰੇ ਖ਼ਿਲਾਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕਰੇਗੀ। ਖ਼ਾਸ ਕਰ ਉਦੋਂ, ਜਦੋਂ ਵੈਸਟ ਇੰਡੀਜ਼ ਵਿੱਚ ਜੋ ਕੁੱਝ ਮੇਰੇ ਨਾਲ ਹੋਇਆ, ਮੈਂ ਉਨ੍ਹਾਂ ਨੂੰ ਦੱਸ ਚੁੱਕੀ ਸੀ।’’ ਉਸ ਨੇ ਕਿਹਾ, ‘‘ਮੈਨੂੰ ਸੈਮੀ ਫਾਈਨਲ ਤੋਂ ਬਾਹਰ ਰੱਖਣ ਦੇ ਫ਼ੈਸਲੇ ਨੂੰ ਉਸ ਦੇ ਸਮਰਥਨ ਤੋਂ ਮੈਂ ਕਾਫੀ ਦੁਖੀ ਹਾਂ ਕਿਉਂਕਿ ਉਨ੍ਹਾਂ ਨੂੰ ਤਾਂ ਅਸਲੀਅਤ ਦਾ ਪਤਾ ਸੀ।’’ ਪਵਾਰ ਬਾਰੇ ਉਸ ਨੇ ਕਿਹਾ ਕਿ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ, ਜਦੋਂ ਉਸ ਨੇ ਮੈਨੂੰ ਅਪਮਾਨਿਤ ਮਹਿਸੂਸ ਕਰਵਾਇਆ। ਮਿਤਾਲੀ ਨੇ ਕਿਹਾ ਕਿ ਪਵਾਰ ਨੇ ਉਸ ਨੂੰ ਆਸਟਰੇਲੀਆ ਖ਼ਿਲਾਫ਼ ਮੈਚ ਵਿੱਚ ਮੈਦਾਨ ’ਤੇ ਨਾ ਆਉਣ ਲਈ ਕਿਹਾ। ਉਸ ਨੇ ਕਿਹਾ, ‘‘ਸ਼ਾਮ ਨੂੰ ਟੀਮ ਮੀਟਿੰਗ ਮਗਰੋਂ ਰਮੇਸ਼ ਨੇ ਮੇਰੇ ਕਮਰੇ ਵਿੱਚ ਫੋਨ ਕੀਤਾ ਅਤੇ ਕਿਹਾ ਕਿ ਮੈਦਾਨ ’ਤੇ ਨਹੀਂ ਆਉਣਾ ਕਿਉਂਕਿ ਉਥੇ ਮੀਡੀਆ ਹੋਵੇਗਾ। ਮੈਂ ਹੈਰਾਨ ਰਹਿ ਗਈ ਕਿ ਮੇਰੇ ਟੀਮ ਨਾਲ ਹੋਣ ਕਾਰਨ ਮੀਡੀਆ ਨੂੰ ਕੀ ਸਮੱਸਿਆ ਹੈ। ਸਾਡੇ ਸਭ ਤੋਂ ਵੱਡੇ ਮੈਚ ਵਿੱਚ ਮੈਨੂੰ ਆਪਣੀ ਟੀਮ ਤੋਂ ਵੱਖ ਰਹਿਣ ਲਈ ਕਿਹਾ ਗਿਆ।’’