ਏਸ਼ੀਆ ਕੱਪ: ਭਾਰਤ ਨੇ ਪਾਕਿ ਨੂੰ ਅੱਠ ਵਿਕਟਾਂ ਨਾਲ ਹਰਾਇਆ

ਭਾਰਤ ਨੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ‘ਏ’ ਦੇ ਆਖ਼ਰੀ ਇੱਕ ਰੋਜ਼ਾ ਲੀਗ ਮੈਚ ਵਿੱਚ ਅੱਜ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਵਿੱਚ ਭੁਵਨੇਸ਼ਵਰ ਕੁਮਾਰ ਅਤੇ ਕੇਦਾਰ ਜਾਧਵ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਬੱਲੇਬਾਜ਼ੀ ਦਾ ਮਹੱਤਵਪੂਰਨ ਯੋਗਦਾਨ ਰਿਹਾ।
ਭੁਵਨੇਸ਼ਵਰ ਅਤੇ ਕੇਦਾਰ ਜਾਧਵ (3-3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ 43.1 ਓਵਰ ਵਿੱਚ ਸਿਰਫ਼ 162 ਦੌੜਾਂ ’ਤੇ ਢੇਰ ਕਰ ਦਿੱਤਾ। ਭਾਰਤ ਨੇ 29 ਓਵਰਾਂ ’ਚ ਦੋ ਵਿਕਟਾਂ ਦੇ ਨੁਕਸਾਨ ’ਤੇ 164 ਦੌੜਾ ਬਣਾ ਕੇ ਟੀਚਾ ਪੂਰਾ ਕਰ ਲਿਆ। ਰੋਹਿਤ ਸ਼ਰਮਾ ਨੇ 39 ਗੇਂਦਾਂ ’ਤੇ 52 ਦੌੜਾਂ ਅਤੇ ਸ਼ਿਖਰ ਧਵਨ ਨੇ 54 ਗੇਂਦਾਂ ਵਿੱਚ 46 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਅੰਬਾਤੀ ਰਾਇਡੂ ਅਤੇ ਦਿਨੇਸ਼ ਕਾਰਤਿਕ 31-31 ਦੌੜਾਂ ਬਣਾ ਕੇ ਨਾਬਾਦ ਰਹੇ।
ਭਾਰਤੀ ਗੇਂਦਬਾਜ਼ਾਂ ਨੂੰ ਕੱਲ੍ਹ ਹਾਂਗਕਾਂਗ ’ਤੇ 26 ਦੌੜਾਂ ਨਾਲ ਜਿੱਤ ਦਰਜ ਕਰਨ ਲਈ ਕਾਫ਼ੀ ਪਸੀਨਾ ਵਹਾਉਣਾ ਪਿਆ ਸੀ, ਪਰ ਅੱਜ ਉਨ੍ਹਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਪਾਕਿਸਤਾਨੀ ਪਾਰੀ ਨੂੰ ਸੰਭਲਣ ਦਾ ਕੋਈ ਮੌਕਾ ਨਹੀਂ ਦਿੱਤਾ। ਭੁਵਨੇਸ਼ਵਰ ਅਤੇ ਕੇਦਾਰ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਨੇ ਦੋ ਅਤੇ ਕੁਲਦੀਪ ਯਾਦਵ ਨੇ ਇੱਕ ਵਿਕਟ ਲਈ।
ਦੋਵੇਂ ਟੀਮਾਂ ਜੂਨ 2017 ਦੌਰਾਨ ਇੰਗਲੈਂਡ ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਭਿੜਨ ਦੇ ਇੱਕ ਸਾਲ ਤੋਂ ਵੱਧ ਸਮੇਂ ਮਗਰੋਂ ਅੱਜ ਆਹਮੋ-ਸਾਹਮਣੇ ਹੋਈਆਂ ਸਨ। ਪਾਕਿਸਤਾਨ ਨੇ ਗਰੁੱਪ ਮੈਚ ਵਿੱਚ ਹਾਂਗਕਾਂਗ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ, ਜਦੋਂਕਿ ਭਾਰਤ ਨੂੰ ਹਾਂਗਕਾਂਗ ਨੂੰ ਹਰਾਉਣ ਲਈ ਜੂਝਣਾ ਪਿਆ ਸੀ। ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਮੈਚ ਦੌਰਾਨ ਹਾਰਦਿਕ ਪੰਡਿਆ ਜਦੋਂ ਆਪਣਾ ਪੰਜਵਾਂ ਓਵਰ ਸੁੱਟ ਰਿਹਾ ਸੀ, ਤਾਂ ਉਸ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਪੈਦਾ ਹੋ ਗਿਆ, ਜਿਸ ਕਾਰਨ ਉਸ ਨੂੰ ਸਟ੍ਰੈਚਰ ’ਤੇ ਮੈਦਾਨ ਤੋਂ ਬਾਹਰ ਲਿਜਾਣਾ ਪਿਆ। ਪਾਕਿਸਤਾਨ ਦਾ ਕੋਈ ਵੀ ਬੱਲੇਬਾਜ਼ ਨੀਮ ਸੈਂਕੜਾ ਨਹੀਂ ਬਣਾ ਸਕਿਆ। ਬਾਬਰ ਆਜ਼ਮ ਨੇ 47 ਅਤੇ ਸ਼ੋਏਬ ਮਲਿਕ ਨੇ 43 ਦੌੜਾਂ ਬਣਾਈਆਂ।