ਏਸ਼ਿਆਈ ਚੈਂਪੀਅਨਜ਼ ਟਰਾਫੀ: ਆਕਾਸ਼ਦੀਪ ਸਰਵੋਤਮ ਖਿਡਾਰੀ ਬਣਿਆ

ਭਾਰਤ ਦੇ ਆਕਾਸ਼ਦੀਪ ਸਿੰਘ ਨੂੰ ਏਸ਼ਿਆਈ ਚੈਂਪੀਅਨਜ਼ ਟਰਾਫੀ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ, ਪਰ ਭਾਰੀ ਮੀਂਹ ਕਾਰਨ ਫਾਈਨਲ ਮੈਚ ਰੱਦ ਕਰਨ ਕਰਕੇ ਭਾਰਤ ਤੇ ਪਾਕਿਸਤਾਨ ਨੂੰ ਸਾਂਝੇ ਤੌਰ ’ਤੇ ਚੈਂਪੀਅਨ ਐਲਾਨਿਆ ਗਿਆ। ਮੀਂਹ ਰੁਕਣ ਮਗਰੋਂ ਹਾਲਾਤ ਫਾਈਨਲ ਮੈਚ ਕਰਵਾਉਣ ਵਰਗੇ ਨਹੀਂ ਸਨ। ਦੋਵਾਂ ਟੀਮਾਂ ਦੇ ਕੋਚਾਂ ਨਾਲ ਗੱਲ ਕਰਨ ਮਗਰੋਂ ਟੂਰਨਾਮੈਂਟ ਦੇ ਨਿਰਦੇਸ਼ਕ ਨੇ ਮੈਚ ਰੱਦ ਕਰਕੇ ਦੋਵਾਂ ਨੂੰ ਸਾਂਝੇ ਤੌਰ ’ਤੇ ਚੈਂਪੀਅਨ ਬਣਾ ਦਿੱਤਾ। ਭਾਰਤ ਨੇ ਟਾਸ ਵਿੱਚ ਬਾਜ਼ੀ ਮਾਰੀ ਅਤੇ ਪਹਿਲੇ ਸਾਲ ਟਰਾਫੀ ਉਸ ਕੋਲ ਰਹੇਗੀ। ਅਗਲੇ ਸਾਲ ਪਾਕਿਸਤਾਨ ਇਹ ਟਰਾਫੀ ਲੈ ਜਾਵੇਗਾ। ਭਾਰਤ ਨੂੰ ਟਰਾਫੀ ਮਿਲਣ ਕਾਰਨ ਟੂਰਨਾਮੈਂਟ ਦੇ ਸੋਨ ਤਗ਼ਮੇ ਪਾਕਿਸਤਾਨੀ ਖਿਡਾਰੀਆਂ ਨੂੰ ਦਿੱਤੇ ਗਏ। ਏਸ਼ਿਆਈ ਹਾਕੀ ਸੰਘ ਦੇ ਸੀਈਓ ਦਾਤੋ ਤੈਯਬ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੂੰ ਛੇਤੀ ਹੀ ਸੋਨ ਤਗ਼ਮੇ ਭੇਜੇ ਜਾਣਗੇ। ਆਕਾਸ਼ਦੀਪ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਅਤੇ ਪੀਆਰ ਸ੍ਰੀਜੇਸ਼ ਨੂੰ ਸਰਵੋਤਮ ਗੋਲਕੀਪਰ ਚੁਣਿਆ ਗਿਆ। ਪਾਕਿਸਤਾਨ ਦਾ ਅਬੂ ਬਾਕਰ ਮਹਿਮੂਦ ਸਰਵੋਤਮ ਉਭਰਦਾ ਖਿਡਾਰੀ ਬਣਿਆ। ਮਲੇਸ਼ੀਆ ਦੇ ਫ਼ੈਜ਼ਲ ਸਾਰੀ ਨੇ ਸਭ ਤੋਂ ਵੱਧ ਗੋਲ ਕੀਤੇ। ਭਾਰਤ ਰਾਊਂਡ ਰੌਬਿਨ ਗੇੜ ਵਿੱਚ ਬਿਨਾਂ ਕੋਈ ਮੈਚ ਹਾਰੇ 13 ਅੰਕ ਲੈ ਕੇ ਚੋਟੀ ’ਤੇ ਰਿਹਾ। ਭਾਰਤ ਨੇ ਚਾਰ ਮੈਚ ਜਿੱਤੇ ਅਤੇ ਇੱਕ ਡਰਾਅ ਖੇਡਿਆ। ਪਾਕਿਸਤਾਨ ਦਸ ਅੰਕ ਲੈ ਕੇ ਦੂਜੇ ਸਥਾਨ ’ਤੇ ਰਿਹਾ। ਭਾਰਤ ਨੇ ਰਾਊਂਡ ਰੌਬਿਨ ਗੇੜ ਵਿੱਚ ਪਾਕਿਸਤਾਨ ਨੂੰ 3-1 ਗੋਲਾਂ ਨਾਲ ਹਰਾਇਆ ਸੀ। ਮਲੇਸ਼ੀਆ ਨੇ ਜਾਪਾਨ ਨੂੰ ਪੈਨਲਟੀ ਸ਼ੂਟਆਊਟ ਵਿੱਚ 3-2 ਗੋਲਾਂ ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਭੁਵਨੇਸ਼ਵਰ ਵਿੱਚ 28 ਨਵੰਬਰ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦਾ ਇਹ ਆਖ਼ਰੀ ਕੌਮਾਂਤਰੀ ਮੈਚ ਸੀ।