ਇੰਦਰਾ ਨੂਈ ਵੱਲੋਂ ਪੈਪਸੀਕੋ ਛੱਡਣ ਦਾ ਐਲਾਨ

ਨਿਊਯਾਰਕ-  ਅਮਰੀਕਾ ਦੀ ਸੰਸਾਰ ਭਰ ਵਿੱਚ ਦੂਜੀ ਸਭ ਤੋਂ ਵੱਡੀ ਫੂਡ ਅਤੇ ਬੀਵਰੇਜ ਕੰਪਨੀ ਪੈਪਸੀਕੋ ਦੀ 12 ਸਾਲ ਸੀਈਓ ਰਹੀ ਭਾਰਤੀ ਮੂਲ ਦੀ ਇੰਦਰਾ ਨੂਈ ਹੁਣ ਆਪਣਾ ਅਹੁਦਾ ਛੱਡ ਰਹੀ ਹੈ। ਇਹ ਜਾਣਕਾਰੀ ਕੰਪਨੀ ਦੇ ਸੂਤਰਾਂ ਨੇ ਦਿੱਤੀ। ਕੰਪਨੀ ਦਾ ਕਹਿਣਾ ਹੈ ਕਿ ਸੋਢੇ ਅਤੇ ਸਨੈਕਸ ਦੇ ‘ਅੱਛੇ ਦਿਨ’ ਦੁਬਾਰਾ ਆਉਣਗੇ। ਪੈਪਸੀਕੋ ਵਿੱਚ 24 ਸਾਲ ਦੀ ਲੰਬੀ ਸੇਵਾ ਮਗਰੋਂ 62 ਸਾਲਾ ਨੂਈ 3 ਅਕਤੂਬਰ ਨੂੰ ਇਸ ਨੂੰ ਅਲਵਿਦਾ ਆਖ਼ ਦੇਵੇਗੀ ਪਰ 2019 ਦੇ ਸ਼ੁਰੂ ਤਕ ਇਸ ਕੰਪਨੀ ਦੀ ਚੇਅਰਮੈਨ ਰਹੇਗੀ। ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਪ੍ਰੈਜ਼ੀਡੈਂਟ ਰੈਮਨ ਲੈਗੂਆਰਟਾ ਦੀ ਚੋਣ ਇੰਦਰਾ ਨੂਈ ਦੀ ਥਾਂ ’ਤੇ ਕੀਤੀ ਗਈ ਹੈ।