ਆਸਟਰੇਲੀਆ ਵਿੱਚ ਅਤਿਵਾਦੀ ਹਮਲਾ; ਇਕ ਹਲਾਕ

ਮੈਲਬਰਨ- ਇੱਥੋਂ ਦੇ ਕੇਂਦਰੀ ਇਲਾਕੇ ’ਚ ਅੱਜ ਇੱਕ ਸਮਾਲੀਅਨ ਮੂਲ ਦੇ ਹਮਲਾਵਰ ਨੇ ਇੱਕ ਰਾਹਗੀਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਦੋ ਜਣਿਆਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਇਸ ਘਟਨਾ ਨੂੰ ਅਤਿਵਾਦੀ ਕਾਰਵਾਈ ਕਿਹਾ ਹੈ।
ਇਹ ਘਟਨਾ ਸ਼ਹਿਰ ਦੀ ਭੀੜ ਭੜੱਕੇ ਵਾਲੀ ਬਰਕ ਸਟਰੀਟ ’ਤੇ ਬਾਅਦ ਦੁਪਹਿਰ ਉਸ ਸਮੇਂ ਵਾਪਰੀ ਜਦੋਂ ਹਥਿਆਰ ਸਮੇਤ ਜਨਤਕ ਸਥਾਨ ’ਤੇ ਆਏ ਵਿਅਕਤੀ ਦਾ ਪੁਲੀਸ ਨੇ ਪਿੱਛਾ ਕੀਤਾ ਅਤੇ ਹਮਲਾਵਰ ਨੇ ਗੱਡੀ ਖੰਭੇ ’ਚ ਜਾ ਮਾਰੀ ਜਿਸ ਮਗਰੋਂ ਗੱਡੀ ਨੂੰ ਅੱਗ ਲੱਗ ਗਈ। ਇਸ ਹਮਲਾਵਰ ਨੇ ਰਾਹਗੀਰਾਂ ਨੂੰ ਚਾਕੂ ਨਾਲ ਨਿਸ਼ਾਨਾ ਬਣਾਇਆ ਜਿਸ ਕਾਰਨ ਵਿਅਕਤੀ ਮੌਕੇ ’ਤੇ ਹੀ ਮਾਰਿਆ ਗਿਆ ਅਤੇ ਦੋ ਜ਼ਖ਼ਮੀ ਹੋ ਗਏ। ਇਸ ਹਮਲਾਵਰ ਨੇ ਕਾਬੂ ਕਰਨ ਆਏ ਪੁਲੀਸ ਕਰਮੀਆਂ ’ਤੇ ਵੀ ਹਮਲੇ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਦੀ ਗੋਲੀ ਨਾਲ ਹਮਲਾਵਰ ਮਾਰਿਆ ਗਿਆ। ਇਸ ਵਿਅਕਤੀ ਦਾ ਨਾਂ ਅਤਿਵਾਦ ਨਾਲ ਜੁੜੇ ਵੱਖਰੇ ਮਾਮਲੇ ’ਚ ਜੁੜਿਆ ਦੱਸਿਆ ਗਿਆ ਹੈ।