ਆਸਟਰੇਲੀਆ ਵਿਚ ਸਿੱਖ ਉਮੀਦਵਾਰ ’ਤੇ ਨਸਲੀ ਹਮਲਾ

ਆਸਟਰੇਲੀਆ ਵਿਚ ਸਿਟੀ ਕੌਂਸਲ ਚੋਣ ਵਿਚ ਨਿੱਤਰੇ ਇਕ ਸਿੱਖ ਉਮੀਦਵਾਰ ਨੂੰ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ। ਟਰੱਕ ਸਵਾਰ ਇਕ ਸ਼ਖ਼ਸ ਨੇ ਉਸ ਦੇ ਚੋਣ ਬੈਨਰਾਂ ’ਤੇ ਨਸਲੀ ਹਮਲਾ ਕੀਤਾ ਹੈ। ਏਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਪੋਰਟ ਅਗਸਟਾ ਸਿਟੀ ਕੌਂਸਲ ਚੋਣ ਦੇ ਉਮੀਦਵਾਰ ਸਨੀ ਸਿੰਘ ਨੇ ਕਿਹਾ ਕਿ ਇਕ ਸੋਸ਼ਲ ਮੀਡੀਆ ਵੀਡਿਓ ਰਾਹੀਂ ਪਹਿਲੀ ਵਾਰ ਉਸ ਦੀ ਨਸਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਨੈਸ਼ਨਲ ਟਰੱਕਿੰਗ ਦੇ ਫੇਸਬੁਕ ਪੇਜ ’ਤੇ ਪਾਈ ਵੀਡਿਓ ਰਾਹੀਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਵੀਡਿਓ ਵਿਚ ਨਜ਼ਰ ਆ ਰਿਹਾ ਵਿਅਕਤੀ ਸਨੀ ਸਿੰਘ ਦੇ ਚੋਣ ਪ੍ਰਚਾਰ ਦੇ ਇਕ ਬੈਨਰ ’ਤੇ ਭੜਾਸ ਕੱਢਦਾ ਨਜ਼ਰ ਆ ਰਿਹਾ ਹੈ। ਸਨੀ ਸਿੰਘ ਨੇ ਆਖਿਆ ‘‘ ਮੈਂ ਥੋੜ੍ਹਾ ਪ੍ਰੇਸ਼ਾਨ ਤੇ ਸਦਮੇ ਵਿਚ ਹਾਂ ਕਿਉਂਕਿ ਆਪਣੀ ਜ਼ਿੰਦਗੀ ਵਿਚ ਮੈਂ ਪਹਿਲਾਂ ਕਦੇ ਵੀ ਇਸ ਵਿਅਕਤੀ ਨੂੰ ਨਹੀਂ ਦੇਖਿਆ ,ਨਾ ਹੀ ਮੈਂ ਕਦੇ ਉਸਨੂੰ ਮਿਲਿਆ ਹਾਂ। ਮੈਨੂੰ ਨਹੀਂ ਪਤਾ ਕਿ ਉਸ ਨੇ ਅਜਿਹਾ ਕਿਉਂ ਕੀਤਾ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਸ਼ਹਿਰ ਦੇ ਲੋਕ ਇਸ ਬਾਰੇ ਕੀ ਸੋਚਦੇ ਹਨ। ਅੱਜ ਸਵੇਰੇ ਮੈਂ ਆਪਣਾ ਫੇਸਬੁਕ ਪੇਜ ਦੇਖਿਆ ਤਾਂ ਪਾਇਆ ਕਿ ਸੈਂਕੜਿਆਂਂ ਦੀ ਤਦਾਦ ’ਚ ਸੰਦੇਸ਼ ਭੇਜ ਕੇ ਮੇਰਾ ਹੌਸਲਾ ਵਧਾਇਆ ਗਿਆ ਹੈ।’’ ਦੱਖਣੀ ਆਸਟਰੇਲੀਆ ਦੇ ਅਟਾਰਨੀ ਜਨਰਲ ਵਿਕੀ ਚੈਪਮੈਨ ਨੇ ਫੁਟੇਜ ਨੂੰ ਪ੍ਰੇਸ਼ਾਨ ਕਰਨ ਵਾਲੀ ਕਰਾਰ ਦਿੰਦਿਆਂ ਕਿਹਾ ਕਿ ਪਹਿਲੀ ਨਜ਼ਰੇ ਇਹ ਨਸਲੀ ਵਿਹਾਰ ਜਾਪਦਾ ਹੈ। ਪੋਰਟ ਅਗਸਟਾ ਦੇ ਮੇਅਰ ਸੈਮ ਜੌਹਨਸਨ ਨੇ ਕਿਹਾ ‘‘ ਅਸੀਂ ਇਕ ਅਜਿਹੇ ਸੂਬੇ ਤੋਂ ਹਾਂ ਜਿਸ ਦਾ ਮਾਣਮੱਤਾ ਲੋਕਰਾਜੀ ਇਤਿਹਾਸ ਰਿਹਾ ਹੈ। ਸਾਡੀ ਸਰਕਾਰ ਇਸ ਨੂੰ ਬਰਕਰਾਰ ਰੱਖਣ ਲਈ ਦ੍ਰਿੜ ਸੰਕਲਪ ਹੈ ਤੇ ਜਨਤਕ ਅਹੁਦੇ ਲਈ ਆਮ ਲੋਕਾਂ ਦੇ ਖੜੇ ਹੋਣ ਦੇ ਹੱਕ ਦੀ ਪੈਰਵੀ ਕਰਦੀ ਰਹੇਗੀ।