ਆਸਟਰੇਲਿਆਈ ਖਿਡਾਰੀ ਕੋਹਲੀ ਨਾਲ ਪੰਗਾ ਨਾ ਲੈਣ: ਡੂਪਲੈਸਿਸ

ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੈਸਿਸ ਨੇ ਭਾਰਤ ਖ਼ਿਲਾਫ਼ ਲੜੀ ਤੋਂ ਪਹਿਲਾਂ ਆਸਟਰੇਲੀਆ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਕਪਤਾਨ ਵਿਰਾਟ ਕੋਹਲੀ ਨਾਲ ਪੰਗਾ ਲੈਣ ਤੋਂ ਬਚਣ ਅਤੇ ਉਸ ਦੇ ਸਾਹਮਣੇ ਚੁੱਪ ਰਹਿਣ। ਡੂਪਲੈਸਿਸ ਨੇ ਕਿਹਾ ਕਿ ਉਸ ਦੀ ਟੀਮ ਨੇ ਇਸ ਸਾਲ ਦੇ ਸ਼ੁਰੂ ਵਿੱਚ ਖੇਡੀ ਗਈ ਲੜੀ ਵਿੱਚ ਕੋਹਲੀ ਦਾ ਸਾਹਮਣਾ ਚੁੱਪ-ਚਪੀਤੇ ਕੀਤਾ ਸੀ।
ਉਸ ਨੇ ਕਿਹਾ, ‘‘ਕੌਮਾਂਤਰੀ ਕ੍ਰਿਕਟ ਵਿੱਚ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੂੰ ਪੰਗਾ ਲੈਣਾ ਪਸੰਦ ਹੈ। ਵਿਰਾਟ ਕੋਹਲੀ ਵੀ ਉਨ੍ਹਾਂ ਵਿੱਚੋਂ ਇੱਕ ਹੈ।’’ ਦੱਖਣੀ ਅਫਰੀਕਾ ਨੇ ਉਸ ਲੜੀ ਵਿੱਚ ਭਾਰਤ ਨੂੰ 2-1 ਨਾਲ ਹਰਾਇਆ ਸੀ, ਪਰ ਕੋਹਲੀ ਨੇ ਫਿਰ ਵੀ ਤਿੰਨ ਟੈਸਟ ਮੈਚਾਂ ਵਿੱਚ 47.66 ਦੀ ਔਸਤ ਨਾਲ 286 ਦੌੜਾਂ ਬਣਾਈਆਂ ਸਨ।
ਡੂਪਲੈਸਿਸ ਨੇ ਕਿਹਾ, ‘‘ਹਰ ਟੀਮ ਵਿੱਚ ਅਜਿਹੇ ਇੱਕ-ਦੋ ਖਿਡਾਰੀ ਹਨ, ਜਿਨ੍ਹਾਂ ਬਾਰੇ ਅਸੀਂ ਉਨ੍ਹਾਂ ਖ਼ਿਲਾਫ਼ ਖੇਡਣ ਤੋਂਂ ਪਹਿਲਾਂ ਸਲਾਹ ਕਰਦੇ ਹਾਂ। ਸਾਡੀ ਰਣਨੀਤੀ ਉਸ ਦੇ ਸਾਹਮਣੇ ਚੁੱਪ ਰਹਿਣ ਦੀ ਹੀ ਹੁੰਦੀ ਹੈ।’’ ਉਸ ਨੇ ਕਿਹਾ, ‘‘ਕੋਹਲੀ ਸ਼ਾਨਦਾਰ ਖਿਡਾਰੀ ਹੈ। ਅਸੀਂ ਉਸ ਦੇ ਸਾਹਮਣੇ ਚੁੱਪ ਰਹੇ, ਪਰ ਉਸ ਨੇ ਫਿਰ ਵੀ ਦੌੜਾਂ ਬਣਾਈਆਂ, ਪਰ ਬਹੁਤ ਜ਼ਿਆਦਾ ਨਹੀਂ।’’