ਆਸਟਰੇਲਿਆਈ ਓਪਨ: ਜੋਕੋਵਿਚ ਅਤੇ ਸੇਰੇਨਾ ਜਿੱਤ ਕੇ ਦੂਜੇ ਗੇੜ ’ਚ

ਸੇਰੇਨਾ ਵਿਲੀਅਮਜ਼ ਨੇ ਰਿਕਾਰਡ 24ਵੇਂ ਗਰੈਂਡ ਸਲੈਮ ਅਤੇ ਨੋਵਾਕ ਜੋਕੋਵਿਚ ਨੇ ਰਿਕਾਰਡ ਸੱਤਵੇਂ ਆਸਟਰੇਲਿਆਈ ਓਪਨ ਖ਼ਿਤਾਬ ਦੀ ਮੁਹਿੰਮ ਲਈ ਇੱਥੇ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਦੋਵੇਂ ਧੁਨੰਤਰ ਖਿਡਾਰੀਆਂ ਨੇ ਆਪੋ ਆਪਣੇ ਮੈਚ ਸ਼ਾਨ ਦੇ ਨਾਲ ਜਿੱਤ ਲਏ ਹਨ। ਦੂਜੇ ਪਾਸੇ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਸਿਮੋਨ ਹਲੱਪਾ ਨੂੰ ਸ਼ੁਰੂਆਤੀ ਮੈਚ ਵਿਚ ਹੀ ਕਾਫੀ ਪਸੀਨਾ ਵਹਾਉਣਾ ਪਿਆ ਪਰ ਉਹ ਵੀ ਜਿੱਤਣ ਵਿਚ ਕਾਮਯਾਬ ਰਹੀ। ਜੋਕੋਵਿਚ ਨੇ ਦੁਨੀਆਂ ਦੇ 230ਵੇਂ ਦਰਜੇ ਦੇ ਅਮਰੀਕੀ ਖਿਡਾਰੀ ਮਿਸ਼ੇਲ ਕਰੂਗਰ ਨੂੰ 6-3,6-2,6-2 ਨਾਲ ਹਰਾ ਦਿੱਤਾ। ਹਾਲੇਪ ਨੂੰ ਕਾਈਆ ਕਾਨੇਪੀ ਉੱਤੇ ਜਿੱਤ ਦਰਜ ਕਰਨ ਲਈ 6-7(2), 6-4 ,6-2 ਤਿੰਨ ਸੈੱਟਾਂ ਤੱਕ ਜੂਝਣਾ ਪਿਆ। ਇਸ ਤੋਂ ਇਲਾਵਾ ਛੇਵਾਂ ਦਰਜਾ ਯੁਕਰੇਨ ਦੀ ਈਲੀਨਾ ਸੀਵਤੋਂਲੀਨਾ ਨੇ ਸਵਿਟਰਜ਼ਰਲੈਂਡ ਦੀ ਵਿਕਟੋਰੀਆ ਗੋਲਵਿਚ ਨੂੰ ਆਸਾਨੀ ਦੇ ਨਾਲ 6-1,6-2 ਨਾਲ ਹਰਾ ਦਿੱਤਾ। ਯੂਐੱਸ ਓਪਨ ਚੈਂਪੀਅਨ ਨਾਓਮੀ ਓਸਾਕਾ ਨੇ ਮੇਗਦਾ ਲੀਨੇਟ ਨੂੰ 6-4, 6-2 ਨਾਲ ਹਰਾ ਦਿੱਤਾ। ਵੀਨਸ ਵਿਲੀਅਮਜ਼ ਨੇ ਵੀ ਰੋਮਾਨੀਆ ਦੀ ਮਿਹੇਲਾ ਬੁਜਾਰਨੇਸਕੂ ਨੂੰ ਫਸਵੇਂ ਮੁਕਾਬਲੇ ਵਿਚ ਹਰਾ ਦਿੱਤਾ। ਪੁਰਸ਼ਾਂ ਦੇ ਵਰਗ ਵਿਚ ਅਲੈੱਗਜੈਂਡਰ ਜਵੇਰੇਵ ਨੇ ਐਲਜਾਜ਼ ਬੇਡੇਨੈ ਨੂੰ ਅਤੇ ਨਿਸ਼ੀਕੇਰੀ ਨੇ ਪੋਲੈਂਡ ਦੇ ਕਾਮਿਲ ਐੱਮ ਨੂੰ ਮਾਤ ਦਿੱਤੀ। ਟੂਰਨਾਮੈਂਟ ਵਿਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਸੇਰੇਨਾ ਵਿਲੀਅਮਜ਼ ਨੇ ਆਸਟਰੇਲੀਅਨ ਓਪਨ ਦੇ ਪਹਿਲੇ ਗੇੜ ਵਿਚ ਮੈਚ ਸਿਰਫ਼ 49 ਮਿੰਟ ਵਿਚ ਜਿੱਤ ਕੇ ਵਿਰੋਧੀ ਖਿਡਾਰਨਾਂ ਦੇ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਸੇਰੇਨਾ ਨੇ ਆਪਣਾ ਆਖ਼ਰੀ ਗਰੈਂਡ ਸਲੈਮ ਉਦੋਂ ਇੱਥੇ ਹੀ ਜਿੱਤਿਆ ਸੀ ਜਦੋਂ ਉਹ ਗਰਭਵਤੀ ਸੀ। ਸੇਰੇਨਾ ਹੋਣ ਮਾਰਗਰੇਟ ਕੋਰਟ ਦੇ 24 ਗਰੈਂਡ ਸਲੈਮ ਖ਼ਿਤਾਬਾਂ ਤੋਂ ਸਿਰਫ ਇੱਕ ਖ਼ਿਤਾਬ ਦੂਰ ਹੈ। ਸੇਰੇਨਾ ਨੇ ਜਰਮਨੀ ਦੀ ਮਾਰੀਆ ਤਤਯਾਨਾ ਨੂੰ 6-0, 6-2 ਨਾਲ ਹਰਾ ਦਿੱਤਾ। ਸੇਰੇਨਾ ਨੇ ਜਿੱਤ ਤੋਂ ਬਾਅਦ ਕਿਹਾ,‘ ਪਿਛਲੀ ਵਾਰ ਮੈਂ ਇੱਥੇ ਗਰਭਵਤੀ ਹੁੰਦਿਆਂ ਖੇਡੀ ਸੀ। ਮੇਰੀਆਂ ਬਹੁਤ ਚੰਗੀਆਂ ਯਾਦਾਂ ਇਸ ਕੋਰਟ (ਮੈਦਾਨ) ਦੇ ਨਾਲ ਜੁੜੀਆਂ ਹਨ। ਉਹ ਮੇਰੇ ਕਰੀਅਰ ਦੀ ਅਹਿਮ ਜਿੱਤ ਸੀ ਅਤੇ ਇੱਥੇ ਪਰਤ ਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਹੁਣ ਉਸਦਾ ਸਾਹਮਣਾ ਕੈਨੇਡਾ ਦੀ ਯੂਜੀਸੀ ਬੁਚਾਰਡ ਨਾਲ ਹੋਵੇਗਾ। ਉਸ ਨੇ ਚੀਨ ਦੀ ਪੇਂਗ ਛੁਆਈ ਨੂੰ ਹਰਾ ਦਿੱਤਾ ਹੈ। ਹੋਰ ਮੈਚਾਂ ਵਿਚ ਅਮਰੀਕਾ ਦੀ ਮੈਡੀਸਨ ਕੀਸ ਨੇ ਵਾਈਲਡ ਕਾਰਡ ਧਾਰਕ ਡੇਸਟਾਨੀ ਆਇਵਾ ਨੂੰ 6-2, 6-2 ਨਾਲ ਹਰਾ ਦਿੱਤਾ। ਪੁਰਸ਼ ਵਰਗ ਦੇ ਵਿਚ ਦੁਨੀਆਂ ਦੇ ਨੰਬਰ ਇੱਕ ਖਿਡਾਰੀ ਨੋਵਾਕ ਜੋਕੋਵਿਚ ਦਾ ਸਾਹਮਣਾ ਅਮਰੀਕੀ ਕੁਆਲੀਫਾਈਰ ਮਿਸ਼ਲੇ ਕਰੂਗਰ ਦੇ ਨਾਲ ਹੋਵੇਗਾ। ਜਵੇਰੇਵ ਨੇ ਐਲਜਾਜ਼ ਬੇਡੇਨੇ ਨੂੰ 6-4, 6-1, 6-4 ਨਾਲ ਹਰਾ ਦਿੱਤਾ। ਅੱਠਵਾਂ ਦਰਜਾ ਪ੍ਰਾਪਤ ਕੇਈ ਨਿਸ਼ੀਕੇਰੀ ਨੇ ਪੋਲੈਂਡ ਦੇ ਕੁਆਲੀਫਾਈਰ ਕਾਮਿਲ ਐਮ ਨੂੰ ਮਾਤ ਦਿੱਤੀ। ਹੁਣ ਨਿਸ਼ੀਕੇਰੀ ਕਰੋਏਸ਼ੀਆ ਦੇ ਇਵੋਕਾਰਲੋਵਿਚ ਦੇ ਨਾਲ ਭਿੜੇਗਾ।