ਆਰਿਫ਼ ਅਲੀ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਬਣੇ

ਤਿਕੋਣੀ ਟੱਕਰ ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਉਮੀਦਵਾਰਾਂ ਨੂੰ ਹਰਾਇਆ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇਕ ਡਾ. ਆਰਿਫ਼ ਅਲਵੀ ਨੂੰ ਅੱਜ ਪਾਕਿਸਤਾਨ ਦਾ ਨਵਾਂ ਰਾਸ਼ਟਰਪਤੀ ਚੁਣਿਆ ਗਿਆ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਮਿਲੀ। ਅਲਵੀ ਨੇ ਤਿਕੋਣੀ ਟੱਕਰ ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਉਮੀਦਵਾਰ ਐਤਜ਼ਾਜ਼ ਅਹਿਸਾਨ ਅਤੇ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਉਮੀਦਵਾਰ ਮੌਲਾਣਾ ਫ਼ਜ਼ਲ ਉਰ ਰਹਿਮਾਨ ਨੂੰ ਪਛਾੜ ਕੇ ਦੇਸ਼ ਦੇ 13ਵੇਂ ਰਾਸ਼ਟਰਪਤੀ ਦੇ ਅਹੁਦੇ ’ਤੇ ਕਬਜ਼ਾ ਕੀਤਾ।
ਕੌਮੀ ਅਸੈਂਬਲੀ ਅਤੇ ਸੈਨੇਟ ਵਿੱਚ ਪੋਲ ਹੋਈਆਂ 430 ਵੋਟਾਂ ਵਿੱਚੋਂ ਅਲਵੀ ਨੂੰ 212 ਵੋਟਾਂ, ਰਹਿਮਾਨ ਨੂੰ 131 ਅਤੇ ਅਹਿਸਾਨ ਨੂੰ 81 ਵੋਟਾਂ ਮਿਲੀਆਂ। ਇਨ੍ਹਾਂ ’ਚੋਂ ਛੇ ਵੋਟਾਂ ਰੱਦ ਹੋਈਆਂ। ਡਾਨ ਨਿਊਜ਼ ਨੇ ਇਹ ਜਾਣਕਾਰੀ ਦਿੱਤੀ। ਅਲਵੀ ਨੂੰ ਬਲੋਚਿਸਤਾਨ ਦੇ ਨਵੇਂ ਬਣੇ ਕਾਨੂੰਨਸਾਜ਼ਾਂ ਤੋਂ 60 ’ਚੋਂ 45 ਵੋਟਾਂ ਮਿਲੀਆਂ। ਪੀਪੀਪੀ ਦੇ ਦਬਦਬੇ ਵਾਲੀ ਸਿੰਧ ਅਸੈਂਬਲੀ ’ਚੋਂ ਅਹਿਸਾਨ ਨੂੰ 100 ਵੋਟਾਂ ਅਤੇ ਅਲਵੀ ਨੂੰ 56 ਵੋਟਾਂ ਮਿਲੀਆਂ ਜਦੋਂ ਕਿ ਰਹਿਮਾਨ ਨੂੰ ਸਿਰਫ਼ ਇਕ ਵੋਟ ਹੀ ਮਿਲੀ। ਇਸੇ ਤਰ੍ਹਾਂ ਖ਼ੈਬਰ ਪਖ਼ਤੂਨਖ਼ਵਾ ਅਸੈਂਬਲੀ ਤੋਂ ਅਲਵੀ ਨੂੰ ਕੁੱਲ 109 ਵੋਟਾਂ ’ਚੋਂ 78 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਰਹਿਮਾਨ ਅਤੇ ਅਹਿਸਾਨ ਕ੍ਰਮਵਾਰ 26 ਅਤੇ ਪੰਜ ਵੋਟਾਂ ਲੈਣ ਵਿੱਚ ਕਾਮਯਾਬ ਰਹੇ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮਮਨੂਨ ਹੂਸੈਨ ਦਾ ਕਾਰਜਕਾਲ 8 ਸਤੰਬਰ ਨੂੰ ਸਮਾਪਤ ਹੋਇਆ ਸੀ। ਇਥੇ ਦੱਸਣਯੋਗ ਹੈ ਕਿ ਪੇਸ਼ੇ ਵਜੋਂ ਦੰਦਾਂ ਦੇ ਡਾਕਟਰ 69 ਸਾਲਾ ਅਲਵੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੰਸਥਾਪਕ ਮੈਂਬਰਾਂ ’ਚੋਂ ਇਕ ਹਨ। ਉਹ 2006 ਤੋਂ 2013 ਤਕ ਪਾਰਟੀ ਦੇ ਜਨਰਲ ਸਕੱਤਰ ਦੇ ਅਹੁਦੇ ’ਤੇ ਰਹੇ। ਉਨ੍ਹਾਂ ਕੌਮੀ ਅਸੈਂਬਲੀ ਦੀਆਂ 25 ਜੁਲਾਈ ਨੂੰ ਹੋਈਆਂ ਚੋਣਾਂ ਵਿੱਚ ਕਰਾਚੀ ਤੋਂ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਨੂੰ 2013 ਦੀਆਂ ਆਮ ਚੋਣਾਂ ਵਿੱਚ ਕੌਮੀ ਅਸੈਂਬਲੀ ਦਾ ਮੈਂਬਰ ਵੀ ਚੁਣਿਆ ਗਿਆ ਸੀ।