ਆਈਸੀਸੀ ਨੇ ਖਲੀਲ ਅਹਿਮਦ ਦੀ ਝਾੜ-ਝੰਬ ਕੀਤੀ

ਭਾਰਤ ਦੇ ਖੱਬੇ ਹੱਥ ਦੇ ਗੇਂਦਬਾਜ਼ ਖਲੀਲ ਅਹਿਮਦ ਨੂੰ ਮੁੰਬਈ ਵਿੱਚ ਖੇਡੇ ਗਏ ਚੌਥੇ ਇੱਕ ਰੋਜ਼ਾ ਮੈਚ ਵਿੱਚ ਵੈਸਟ ਇੰਡੀਜ਼ ਦੇ ਖਿਡਾਰੀ ਮਰਲੋਨ ਸੈਮੂਅਲਜ਼ ਨੂੰ ਆਊਟ ਕਰਨ ਮਗਰੋਂ ਇਤਰਾਜ਼ਯੋਗ ਪ੍ਰਤੀਕਿਰਿਆ ਦੇਣ ਕਾਰਨ ਅਧਿਕਾਰਤ ਤੌਰ ’ਤੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਝਾੜ ਪਾਈ ਹੈ। ਉਸ ਨੂੰ ਇੱਕ ਡੀਮੈਰਿਟ ਅੰਕ ਵੀ ਦਿੱਤਾ ਗਿਆ ਹੈ। ਖਲੀਲ ਨੇ ਵੈਸਟ ਇੰਡੀਜ਼ ਦੀ ਪਾਰੀ ਦੇ 14ਵੇਂ ਓਵਰ ਵਿੱਚ ਸੈਮੂਅਲਜ਼ ਨੂੰ ਆਊਟ ਕੀਤਾ ਸੀ। ਜਦੋਂ ਵਿੰਡੀਜ਼ ਖਿਡਾਰੀ ਵਾਪਸ ਪਰਤ ਰਿਹਾ ਸੀ ਤਾਂ ਉਹ ਕਈ ਵਾਰ ਉਸ ’ਤੇ ਚੀਕਿਆ ਸੀ। ਇਸ ਮੈਚ ਵਿੱਚ ਖਲੀਲ ਨੇ ਤਿੰਨ ਵਿਕਟਾਂ ਲਈਆਂ ਸਨ ਅਤੇ ਭਾਰਤ ਨੇ 224 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਪੰਜ ਮੈਚਾਂ ਦੀ ਲੜੀ ਵਿੱਚ ਹੁਣ 2-1 ਨਾਲ ਅੱਗੇ ਹੈ। ਭਾਰਤੀ ਖਿਡਾਰੀ ਨੂੰ ਉਸ ਦੇ ਇਸ ਰਵੱਈਏ ਕਾਰਨ ਆਈਸੀਸੀ ਦੇ ਜ਼ਾਬਤੇ ਦੇ ਨਿਯਮਾਂ ਤਹਿਤ ਲੇਵਲ 1 ਅਪਰਾਧ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਵਿੱਚ ਉਸ ਨੇ ਨਿਯਮ 2.5 ਦੀ ਉਲੰਘਣਾ ਕੀਤੀ ਹੈ। ਇਹ ਨਿਯਮ ਇਤਰਾਜ਼ਯੋਗ ਭਾਸ਼ਾ, ਵਿਵਹਾਰ ਜਾਂ ਗ਼ਲਤ ਇਸ਼ਾਰੇ, ਹਮਲਾਵਰ ਪ੍ਰਤੀਕਿਰਿਆ ਨਾਲ ਜੁੜਿਆ ਹੈ। ਲੇਵਲ ਇੱਕ ਦੇ ਅਪਰਾਧ ਲਈ ਘੱਟ ਤੋਂ ਘੱਟ ਸਜ਼ਾ ਅਧਿਕਾਰਤ ਫਟਕਾਰ ਅਤੇ ਵੱਧ ਤੋਂ ਵੱਧ ਸਜ਼ਾ ਖਿਡਾਰੀ ਦੀ ਮੈਚ ਫ਼ੀਸ ਦਾ 50 ਫ਼ੀਸਦੀ ਜੁਰਮਾਨਾ ਹੈ। ਉਸ ਨੂੰ ਇੱਕ ਜਾਂ ਦੋ ਡੀਮੈਰਿਟ ਅੰਕ ਦਿੱਤੇ ਜਾ ਸਕਦੇ ਹਨ। ਜੇਕਰ 24 ਮਹੀਨੇ ਦੇ ਸਮੇਂ ਦੌਰਾਨ ਖਿਡਾਰੀ ਦੇ ਚਾਰ ਜਾਂ ਇਸ ਤੋਂ ਵੱਧ ਡੀਮੈਰਿਟ ਅੰਕ ਹੁੰਦੇ ਹਨ ਤਾਂ ਇਹ ਅੰਕ ਮੁਅੱਤਲੀ ਵਿੱਚ ਬਦਲ ਜਾਂਦੇ ਹਨ ਅਤੇ ਉਸ ਨੂੰ ਪਾਬੰਦੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।