ਆਈਪੀਐੱਲ: ਤੇਜ਼ ਗੇਂਦਬਾਜ਼ਾਂ ਨੂੰ ਆਰਾਮ ਦੇਣਾ ਚਾਹੁੰਦਾ ਹੈ ਕੋਹਲੀ

ਭਾਰਤੀ ਕਪਤਾਨ ਵਿਰਾਟ ਕੋਹਲੀ ਵਿਸ਼ਵ ਕੱਪ ਤੋਂ ਪਹਿਲਾਂ ਅਗਲੇ ਸਾਲ ਹੋਣ ਵਾਲੇ ਆਈਪੀਐੱਲ ਵਿੱਚ ਤੇਜ਼ ਗੇਂਦਬਾਜ਼ਾਂ ਨੂੰ ਆਰਾਮ ਦੇਣਾ ਚਾਹੁੰਦਾ ਹੈ ਪਰ ਹਾਲ ਵਿੱਚ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਵਿੱਚ ਰੱਖੇ ਗਏ ਇਸ ਪ੍ਰਸਤਾਵ ਨੂੰ ਫਰੈਂਚਾਇਜ਼ੀ ਟੀਮਾਂ ਦਾ ਸਮਰਥਨ ਮਿਲਣ ਦੀ ਆਸ ਨਹੀਂ ਹੈ।
ਹੈਦਰਾਬਾਦ ਵਿੱਚ ਹਾਲ ’ਚ ਸੀਓਏ ਦੇ ਨਾਲ ਬੈਠਕ ਦੌਰਾਨ ਕੋਹਲੀ ਨੇ ਤੇਜ਼ ਗੇਂਦਬਾਜ਼ਾਂ ਖ਼ਾਸ ਕਰ ਕੇ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੂੰ ਪੂਰੇ ਆਈਪੀਐੱਲ ਤੋਂ ਆਰਾਮ ਦੇਣ ਦਾ ਸੁਝਾਅ ਦਿੱਤਾ ਤਾਂ ਜੋ ਉਹ ਵਿਸ਼ਵ ਕੱਪ ਲਈ ਤਰੋਤਾਜ਼ਾ ਰਹਿਣਾ। ਭਾਰਤੀ ਕਪਤਾਨ ਦੇ ਇਸ ਪ੍ਰਸਤਾਵ ਦਾ ਹਾਲਾਂਕਿ ਕਿਸੇ ਨੇ ਖ਼ਾਸ ਸਮਰਥਨ ਨਹੀਂ ਕੀਤਾ ਅਤੇ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਫਰੈਂਚਾਇਜ਼ੀ ਸੰਭਾਵੀ ਤੌਰ ’ਤੇ ਇਸ ’ਤੇ ਸਹਿਮਤ ਨਹੀਂ ਹੋਣਗੀਆਂ। ਮੀਟਿੰਗ ਵਿੱਚ ਮੌਜੂਦ ਬੋਰਡ ਦੇ ਇਕ ਸਿਖਰਲਾ ਦਰਜਾ ਅਧਿਕਾਰੀ ਨੇ ਅੱਜ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਈਪੀਐੱਲ 29 ਮਾਰਚ ਤੋਂ ਸ਼ੁਰੂ ਹੋ ਕੇ 19 ਮਈ ਨੂੰ ਖ਼ਤਮ ਹੋਵੇਗਾ। ਭਾਰਤ ਨੂੰ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ 5 ਜੂਨ ਨੂੰ ਦੱਖਣੀ ਅਫਰੀਕਾ ਨਾਲ ਖੇਡਣਾ ਹੈ ਅਤੇ ਇਸ ਵਿੱਚ 15 ਦਿਨ ਦਾ ਅੰਤਰ ਹੋਵੇਗਾ, ਇਸ ਵਾਸਤੇ ਤੇਜ਼ ਗੇਂਦਬਾਜ਼ਾਂ ਨੂੰ ਪੂਰੇ ਆਈਪੀਐੱਲ ਤੋਂ ਆਰਾਮ ਦੇਣ ਦੀ ਸੰਭਾਵਨਾ ਬਹੁਤ ਘੱਟ ਹੈ। ਇੱਥੋਂ ਤੱਕ ਕਿ ਮੀਟਿੰਗ ’ਚ ਮੌਜੂਦ ਸੀਮਿਤ ਓਵਰਾਂ ਦੀ ਟੀਮ ਦਾ ਕਪਤਾਨ ਰੋਹਿਤ ਸ਼ਰਮਾ ਵੀ ਕੋਹਲੀ ਤੋਂ ਸਹਿਮਤ ਨਹੀਂ ਸੀ। ਅਧਿਕਾਰੀ ਨੇ ਕਿਹਾ ਕਿ ਜਦੋਂ ਕੋਹਲੀ ਨੇ ਆਪਣਾ ਵਿਚਾਰ ਰੱਖਿਆ ਤਾਂ ਸੀਓਏ ਮੁਖੀ ਵਿਨੋਦ ਰਾਏ ਨੇ ਰੋਹਿਤ ਤੋਂ ਮਸ਼ਵਰਾ ਮੰਗਿਆ, ਜਿਸ ’ਤੇ ਰੋਹਿਤ ਨੇ ਸਾਫ਼ ਕੀਤਾ ਕਿ ਜੇਕਰ ਮੁੰਬਈ ਇੰਡੀਅਨਜ਼ ਦੀ ਟੀਮ ਪਲੇਅਆਫ ’ਚ ਪਹੁੰਚਦੀ ਹੈ ਅਤੇ ਬੁਮਰਾਹ ਫਿੱਟ ਰਹਿੰਦਾ ਹੈ ਤਾਂ ਉਹ ਉਸ ਨੂੰ ਆਰਾਮ ਨਹੀਂ ਦੇ ਸਕਦਾ।
ਮੀਟਿੰਗ ’ਚ ਮੌਜੂਦ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਹ ‘ਅਜੀਬ’ ਹੈ ਕਿ ਭਾਰਤੀ ਕਪਤਾਨ ਨੇ ਤੇਜ਼ ਗੇਂਦਬਾਜ਼ਾਂ ਨੂੰ ਪੂਰੇ ਆਈਪੀਐੱਲ ਤੋਂ ਆਰਾਮ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਮੁੱਖ ਮਸਲਾ ਭੁਵੀ ਤੇ ਬੁਮਰਾਹ ਦਾ ਹੈ ਕਿਉਂਕਿ ਸ਼ਮੀ, ਉਮੇਸ਼ ਤੇ ਖਲੀਲ ਆਪਣੀ ਫਰੈਂਚਾਇਜ਼ੀ ਟੀਮਾਂ ਦੀ ਸੁਭਾਵਿਕ ਪਸੰਦ ਨਹੀਂ ਹਨ ਅਤੇ ਹੋ ਸਕਦਾ ਹੈ ਕਿ ਉਹ ਸਾਰੇ ਆਈਪੀਐੱਲ ਮੈਚਾਂ ’ਚ ਨਾ ਖੇਡਣ।