ਅਰਜਨਟੀਨਾ ਦੀ ਸਪੇਨ ’ਤੇ 4-3 ਨਾਲ ਜਿੱਤ

ਅਗਸਟੀਨ ਮਜ਼ਿਲੀ ਅਤੇ ਗੋਂਜ਼ਾਲੋ ਪਈਲਟ ਦੇ ਦੋ-ਦੋ ਗੋਲਾਂ ਦੀ ਬਦੌਲਤ ਓਲੰਪਿਕ ਚੈਂਪੀਅਨ ਅਰਜਨਟੀਨਾ ਨੇ ਹਾਕੀ ਵਿਸ਼ਵ ਕੱਪ ਦੇ ਪੂਲ ‘ਏ’ ਦੇ ਸਖ਼ਤ ਮੁਕਾਬਲੇ ਵਿੱਚ ਅੱਜ ਇੱਥੇ ਸਪੇਨ ਨੂੰ 4-3 ਗੋਲਾਂ ਨਾਲ ਹਰਾ ਦਿੱਤਾ। ਦੋਵਾਂ ਟੀਮਾਂ ਦੀ ਵਿਸ਼ਵ ਰੈਂਕਿੰਗ ਵਿੱਚ ਭਾਵੇਂ ਛੇ ਸਥਾਨਾਂ ਦਾ ਫ਼ਰਕ ਹੈ, ਪਰ ਦੁਨੀਆਂ ਦੀ ਅੱਠਵੇਂ ਨੰਬਰ ਦੀ ਟੀਮ ਸਪੇਨ ਨੇ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਨੂੰ ਪੂਰੇ ਮੈਚ ਦੌਰਾਨ ਪ੍ਰੇਸ਼ਾਨ ਕਰਕੇ ਰੱਖਿਆ।
ਅਰਜਨਟੀਨਾ ਨੂੰ ਜਿੱਤ ਦਰਜ ਕਰਨ ਲਈ ਕਾਫੀ ਪਸੀਨਾ ਵਹਾਉਣਾ ਪਿਆ। ਸਪੇਨ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਤੀਜੇ ਹੀ ਮਿੰਟ ਵਿੱਚ 1-0 ਗੋਲ ਦੀ ਲੀਡ ਬਣਾ ਲਈ। ਇਹ ਮੈਦਾਨੀ ਗੋਲ ਨੌਜਵਾਨ ਐਨਰਿਕ ਗੌਂਜ਼ਾਲੇਜ਼ ਨੇ ਕੀਤਾ ਸੀ। ਅਰਜਨਟੀਨਾ ਦੇ ਗੋਲਕੀਪਰ ਯੁਆਨ ਵਿਵਾਲਡੀ ਕੋਲ ਇਸ ਹਮਲੇ ਨੂੰ ਰੋਕਣ ਦਾ ਕੋਈ ਪੈਂਤੜਾ ਨਹੀਂ ਸੀ। ਮਜ਼ਿਲੀ ਨੇ ਹਾਲਾਂਕਿ ਇੱਕ ਮਿੰਟ ਮਗਰੋਂ ਹੀ ਸੱਜੇ ਪਾਸੇ ਤੋਂ ਮਿਲੇ ਕ੍ਰਾਸ ਨੂੰ ਸਪੇਨ ਦੇ ਗੋਲਕੀਪਰ ਕਵਿਕੋ ਕੋਰਟਿਸ ਨੂੰ ਚਕਮਾ ਦੇ ਕੇ ਗੋਲ ਪੋਸਟ ਵਿੱਚ ਭੇਜ ਦਿੱਤਾ। ਜੋਸੇਪ ਰੋਮਿਊ ਨੇ 14ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ ਅਤੇ ਸਪੇਨ ਨੂੰ 2-1 ਨਾਲ ਅੱਗੇ ਕੀਤਾ। ਸਪੇਨ ਦੀ ਲੀਡ ਜ਼ਿਆਦਾ ਸਮਾਂ ਨਹੀਂ ਰਹਿ ਸਕੀ। ਮਜ਼ਿਲੀ ਨੇ ਇਸ ਵਾਰ ਖੱਬੇ ਪਾਸੇ ਤੋਂ ਮਿਲੇ ਪਾਸ ਨੂੰ ਗੋਲ ਪੋਸਟ ਵਿੱਚ ਪਹੁੰਚਾਇਆ ਅਤੇ 15ਵੇਂ ਮਿੰਟ ਵਿੱਚ ਸਕੋਰ 2-2 ਨਾਲ ਬਰਾਬਰ ਕਰ ਦਿੱਤਾ।
ਪਹਿਲੇ ਕੁਆਰਟਰ ਦੇ ਆਖ਼ਰੀ ਪਲਾਂ ਵਿੱਚ ਪਈਲਟ ਨੇ ਪੈਨਲਟੀ ਕਾਰਨਰ ’ਤੇ ਇੱਕ ਹੋਰ ਗੋਲ ਦਾਗ਼ ਕੇ ਅਰਜਨਟੀਨਾ ਨੂੰ ਮੈਚ ਵਿੱਚ ਪਹਿਲੀ ਵਾਰ 3-2 ਨਾਲ ਲੀਡ ਦਿਵਾਈ। ਦੂਜੇ ਕੁਆਰਟਰ ਵਿੱਚ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਟੀਮ ਗੋਲ ਨਹੀਂ ਕਰ ਸਕੀ। ਸਪੇਨ ਨੇ ਤੀਜੇ ਕੁਆਰਟਰ ਦੇ ਸ਼ੁਰੂਆਤੀ ਪੰਜ ਮਿੰਟ ਵਿੱਚ ਹੀ ਵਿੰਨਜ਼ ਰੂਈਜ਼ (35ਵੇਂ ਮਿੰਟ) ਦੇ ਗੋਲ ਦੀ ਬਦੌਲਤ ਸਕੋਰ 3-3 ਨਾਲ ਬਰਾਬਰ ਕਰ ਦਿੱਤਾ।
ਪਈਲਟ ਨੇ ਇਸ ਤੋਂ ਬਾਅਦ 49ਵੇਂ ਮਿੰਟ ਵਿੱਚ ਇੱਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਅਰਜਨਟੀਨਾ ਦੀ ਲੀਡ 4-3 ਕਰ ਦਿੱਤੀ, ਜੋ ਫ਼ੈਸਲਾਕੁਨ ਸਾਬਤ ਹੋਈ। ਸਪੇਨ ਨੇ ਬਰਾਬਰੀ ਦਾ ਗੋਲ ਦਾਗ਼ਣ ਲਈ ਕਾਫੀ ਯਤਨ ਕੀਤੇ, ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ।
ਆਖ਼ਰੀ ਚਾਰ ਮਿੰਟਾਂ ਵਿੱਚ ਗੋਲਕੀਪਰ ਨੂੰ ਹਟਾ ਦੇਣ ਦੇ ਬਾਵਜੂਦ ਸਪੇਨ ਅਰਜਨਟੀਨਾ ਦੇ ਡਿਫੈਂਸ ਨੂੰ ਨਹੀਂ ਤੋੜ ਸਕਿਆ। ਅਰਜਨਟੀਨਾ ਦੀ ਟੀਮ ਆਪਣੇ ਅਗਲੇ ਪੂਲ ਮੈਚ ਵਿੱਚ ਤਿੰਨ ਦਸੰਬਰ ਨੂੰ ਨਿਊਜ਼ੀਲੈਂਡ ਨਾਲ ਖੇਡੇਗੀ, ਜਦੋਂਕਿ ਸਪੇਨ ਦਾ ਸਾਹਮਣਾ ਇਸੇ ਦਿਨ ਫਰਾਂਸ ਨਾਲ ਹੋਵੇਗਾ।