ਕਾਬੁਲ- ਇਥੇ ਮੰਗਲਵਾਰ ਨੂੰ ਇਕ ਧਾਰਮਿਕ ਇਕੱਠ ਦੌਰਾਨ ਧਮਾਕਾ ਹੋਇਆ ਜਿਸ ਵਿੱਚ ਘੱਟੋ ਘੱਟ 40 ਵਿਅਕਤੀ ਮਾਰੇ ਗਏ। ਇਕ ਜਾਣਕਾਰੀ ਮੁਤਾਬਕ ਪਿਛਲੇ ਮਹੀਨਿਆਂ ਦੌਰਾਨ ਇਹ ਹੁਣ ਤਕ ਦਾ ਸਭ ਤੋਂ ਘਾਤਕ ਹਮਲਾ ਹੈ। ਸਿਹਤ ਮੰਤਰਾਲੇ ਦੇ ਤਰਜਮਾਨ ਵਾਹਿਦ ਮਜਰੂਹ ਨੇ ਦੱਸਿਆ ਕਿ ਇਸ ਹਮਲੇ ਵਿੱਚ 60 ਵਿਅਕਤੀ ਜ਼ਖ਼ਮੀ ਹੋਏ ਹਨ। ਪੈਗੰਬਰ ਮੁਹੰਮਦ ਦੇ ਜਨਮ ਦਿਵਸ ’ਤੇ ਇਕ ਵਿਆਹ ਵਾਲੇ ਹਾਲ ਵਿੱਚ ਓਲਾਮਾ ਕੌਂਸਲ ਦੇ ਇਕੱਠ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਗ੍ਰਹਿ ਮੰਤਰਾਲੇ ਦੇ ਤਰਜਮਾਨ ਨਜੀਬ ਦਾਨਿਸ਼ ਨੇ ਦੱਸਿਆ ਕਿ ਸੂਤਰਾਂ ਅਨੁਸਾਰ ਇਹ ਆਤਮਘਾਤੀ ਹਮਲਾ ਹੈ। ਉਨ੍ਹਾਂ ਦੱਸਿਆ ਕਿ ਮਾਰੇ ਗਏ ਅਤੇ ਜ਼ਖ਼ਮੀ ਵਿਅਕਤੀਆਂ ਦੀ ਗਿਣਤੀ 50 ਤੋਂ ਵੱਧ ਹੈ। ਵਿਆਹ ਪੈਲੇਸ ਦੇ ਮੈਨੇਜਰ ਨੇ ਦੱਸਿਆ ਕਿ ਇਸ ਥਾਂ ’ਤੇ ਕਈ ਤਰ੍ਹਾਂ ਦੇ ਧਾਰਮਿਕ ਅਤੇ ਰਾਜਨੀਤਕ ਸਮਾਗਮ ਹੁੰਦੇ ਹਨ। ਉਸ ਨੇ ਏਐਫ਼ਪੀ ਨੂੰ ਦੱਸਿਆ ਕਿ ਆਤਮਘਾਤੀ ਹਮਲਾਵਰ ਵੱਲੋਂ ਇਕੱਠ ਵਿੱਚ ਜਾ ਕੇ ਇਹ ਧਮਾਕਾ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ।
World ਅਫ਼ਗਾਨਿਸਤਾਨ ਵਿਚ ਧਾਰਮਿਕ ਇਕੱਠ ’ਚ ਧਮਾਕਾ, 40 ਹਲਾਕ